ਬੀਜੇਪੀ ਨੇ CM ਭਗਵੰਤ ਮਾਨ ਨੂੰ ਘੇਰਿਆ, ਸੁਭਾਸ਼ ਸ਼ਰਮਾ ਬੋਲੇ, ਪਟਿਆਲਾ ਹਿੰਸਾ ਤੁਹਾਡੀ ਨਾਲਾਇਕੀ ਕਰਕੇ ਹੋਈ, ਗ੍ਰਹਿ ਮੰਤਰੀ ਵਜੋਂ ਅਸਤੀਫਾ ਦਿਓ
ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਪਟਿਆਲਾ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਗ੍ਰਹਿ ਮੰਤਰੀ ਵਜੋਂ ਅਸਤੀਫੇ ਦੀ ਮੰਗ ਕੀਤੀ ਹੈ।
ਚੰਡੀਗੜ੍ਹ : ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਪਟਿਆਲਾ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਗ੍ਰਹਿ ਮੰਤਰੀ ਵਜੋਂ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਜੋ ਹਿੰਸਾ ਹੋਈ ਤੇ ਜਿਸ ਤਰ੍ਹਾਂ ਕਾਲੀ ਮਾਤਾ ਦੇ ਮੰਦਰ ਬਾਹਰ ਗੋਲੀਆਂ ਤੇ ਤਲਵਾਰਾਂ ਚਲਾਈਆਂ ਗਈਆਂ, ਉਹ ਬਹੁਤ ਸ਼ਰਮਨਾਕ ਹੈ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਕਹਿ ਰਹੇ ਹਨ ਕਿ ਵਿਰੋਧੀ ਧਿਰ ਦਾ ਹੱਥ ਹੈ। ਦੂਜੇ ਪਾਸੇ ਪੁਲਿਸ ਦੇ ਆਈਜੀ ਕਹਿ ਰਹੇ ਹਨ ਕਿ ਬਰਜਿੰਦਰ ਪਰਵਾਨਾ ਮਾਮਲੇ ਦਾ ਮਾਸਟਰ ਮਾਈਂਡ ਹੈ। ਇਸ ਤੋਂ ਸਪਸ਼ਟ ਹੈ ਕਿ ਤੁਸੀਂ ਵਿਰੋਧੀ ਧਿਰ 'ਤੇ ਬੇਬੁਨਿਆਦ ਦੋਸ਼ ਲਾ ਰਹੇ ਹੋ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਜਿਹਾ ਕਰਦੇ ਸ਼ਰਮਾ ਆਉਣੀ ਚਾਹੀਦੀ ਹੈ ਕਿਉਂਕਿ ਇਹ ਸਭ ਉਨ੍ਹਾਂ ਦੀ ਨਾਲਾਇਕੀ ਕਰਕੇ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਗ੍ਰਹਿ ਮੰਤਰੀ ਵਜੋਂ ਤੁਸੀਂ ਕੀ ਕਰ ਰਹੇ ਸੀ? ਉਨ੍ਹਾਂ ਕਿਹਾ ਕਿ ਮੁਲਜ਼ਮ ਤੁਸੀਂ ਖੁਦ ਹੋ। ਕਸੂਰ ਤੁਹਾਡਾ ਹੈ। ਤੁਹਾਨੂੰ ਖੁਫੀਆ ਏਜੰਸੀ ਨੇ ਰਿਪੋਰਟ ਦਿੱਤੀ ਸੀ, ਫਿਰ ਵੀ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ। ਸੂਬੇ ਦੇ ਗ੍ਰਹਿ ਮੰਤਰੀ ਵਜੋਂ ਤੁਸੀਂ ਕੀ ਕੀਤਾ?
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਿੰਸਾ ਦੀ ਭੱਠੀ ਵਿੱਚ ਸੁੱਟਣ ਦੀ ਕੋਸ਼ਿਸ਼ ਨਾ ਕਰੋ। ਝੂਠੇ ਇਲਜ਼ਾਮ ਲਾਉਣ ਦੀ ਬਜਾਏ ਕੰਮ ਕਰੋ ਜੋ ਤੁਹਾਡਾ ਫਰਜ਼ ਹੈ। ਤੁਸੀਂ ਆਪਣੇ ਅਫਸਰ ਬਦਲ ਦਿੱਤੇ ਹਨ ਪਰ ਗ੍ਰਹਿ ਮੰਤਰੀ ਵਜੋਂ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਤੁਹਾਨੂੰ ਉੱਥੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵਜੋਂ ਜਾਣਾ ਚਾਹੀਦਾ ਸੀ ਪਰ ਤੁਸੀਂ ਸੌਂ ਰਹੇ ਸੀ ਪਰ ਅਸੀਂ ਉੱਥੇ ਜਾ ਕੇ ਸ਼ਾਂਤੀ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਭਾਜਪਾ ਮੰਗ ਕਰਦੀ ਹੈ ਕਿ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਲਵਾਰਾਂ ਨਾਲ ਹਮਲਾ ਕਿਸ ਤਰ੍ਹਾਂ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਅਜੇ ਵੀ ਕਈ ਲੋਕਾਂ ਦੀ ਗ੍ਰਿਫਤਾਰੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਾਲੀ ਮਾਤਾ ਮੰਦਰ ਵਿਖੇ ਜਾ ਕੇ ਮਾਫੀ ਮੰਗਣ।