Emergency Trailer: ਪੰਜਾਬ ਭਾਜਪਾ ਨੇ ਕੰਗਨਾ ਦੀ ਫ਼ਿਲਮ ਤੋਂ ਵੱਟਿਆ ਪਾਸਾ, ਕਿਹਾ-ਕੜਵਾਹਟ ਵਧਾਉਣ ਨਾਲ ਲੋਕਤੰਤਰ ਹੁੰਦਾ ਕਮਜ਼ੋਰ, ਸਿੱਖਾਂ ਤੋਂ ਪਹਿਲਾਂ ਲੈਣੀ ਚਾਹੀਦੀ ਸੀ ਸਲਾਹ
ਹਰਜੀਤ ਗਰੇਵਾਲ ਨੇ ਕਿਹਾ ਕਿ ਉਹ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਸੋਚ ਨਾਲ ਸਹਿਮਤ ਨਹੀਂ ਹੈ ਪਰ ਕਿਸੇ ਦਾ ਵੀ ਨਿਰਾਦਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਤੋਂ ਪਹਿਲਾਂ ਫਿਲਮ ਬਣਾਉਣ ਵਾਲਿਆਂ ਨੂੰ ਸਿੱਖ ਸੰਸਥਾਂ ਨਾਲ ਗੱਲ ਕਰਨੀ ਚਾਹੀਦੀ ਸੀ ਤਾਂ ਕਿ ਕੋਈ ਅਜਿਹੇ ਮਸਲੇ ਪੈਦਾ ਨਾ ਹੋਣ।
Emergency Trailer: ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਸੰਸਦ ਮੈਂਬਰ ਅਦਾਕਾਰਾ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਵਿਵਾਦਾਂ ਵਿੱਚ ਘਿਰ ਗਈ ਹੈ। ਹੁਣ ਇਸ ਫਿਲਮ ਨੂੰ ਲੈ ਕੇ ਪੰਜਾਬ ਭਾਜਪਾ ਨੇ ਵੀ ਆਪਣੇ ਪੈਰ ਪਿੱਛੇ ਖਿੱਚ ਲਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸੰਸਥਾ ਤੋਂ ਮਨਜ਼ੂਰੀ ਲੈਣੀ ਚਾਹੀਦੀ ਸੀ।
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਲੋਕਤੰਤਰ ਵਾਲਾ ਦੇਸ਼ ਹੈ, ਜੇ ਇੱਥੇ ਕਿਸੇ ਧਰਮ ਬਾਰੇ ਕੋਈ ਗੱਲ ਕਰਨੀ ਹੋਵੇ ਤਾਂ ਪਹਿਲਾਂ ਉਸ ਦੀ ਮਨਜ਼ੂਰੀ ਲੈਣੀ ਚਾਹੀਦੀ ਹੈ। ਫਿਲਮ ਬਣਾਉਣ ਵਾਲਿਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ।
ਹਰਜੀਤ ਗਰੇਵਾਲ ਨੇ ਕਿਹਾ ਕਿ ਉਹ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਸੋਚ ਨਾਲ ਸਹਿਮਤ ਨਹੀਂ ਹੈ ਪਰ ਕਿਸੇ ਦਾ ਵੀ ਨਿਰਾਦਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਤੋਂ ਪਹਿਲਾਂ ਫਿਲਮ ਬਣਾਉਣ ਵਾਲਿਆਂ ਨੂੰ ਸਿੱਖ ਸੰਸਥਾਂ ਨਾਲ ਗੱਲ ਕਰਨੀ ਚਾਹੀਦੀ ਸੀ ਤਾਂ ਕਿ ਕੋਈ ਅਜਿਹੇ ਮਸਲੇ ਪੈਦਾ ਨਾ ਹੋਣ।
ਭਾਜਪਾ ਲੀਡਰ ਨੇ ਕਿਹਾ ਕਿ ਫਿਲਮ ਬਣਾਉਣ ਵਾਲਿਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸੰਵੇਦਨਸ਼ੀਲ ਮੁੱਦੇ ਬਾਰੇ ਪਹਿਲਾਂ ਗੱਲ ਕਰ ਲੈਣੀ ਚਾਹੀਦੀ ਸੀ। ਲੋਕਤੰਤਰ ਵਿੱਚ ਪਿਆਰ ਨਾਲ ਹੀ ਕੰਮ ਚੱਲਦਾ, ਜਿਹੜਾ ਕੜਵਾਹਟ ਵਧਾਉਂਦਾ ਉਹ ਲੋਕਤੰਤਰ ਨੂੰ ਕਮਜ਼ੋਰ ਕਰਦਾ।
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਟ੍ਰੇਲਰ 'ਚ ਦਿਖਾਏ ਗਏ ਦ੍ਰਿਸ਼ਾਂ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸਰਬਜੀਤ ਖਾਲਸਾ ਨੇ ਕਿਹਾ ਕਿ ‘ਐਮਰਜੈਂਸੀ’ ਵਿੱਚ ਸਿੱਖਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਨਾਲ ਸਮਾਜ ਅੰਦਰ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਹੋਣ ਦਾ ਖਦਸ਼ਾ ਹੈ। ਜੇ ਇਸ ਫਿਲਮ ਅੰਦਰ ਸਿੱਖਾਂ ਨੂੰ ਵੱਖਵਾਦੀ ਜਾਂ ਦਹਿਸ਼ਤਗਰਦ ਵਜੋਂ ਫਿਲਮਾਇਆ ਗਿਆ ਹੈ ਤਾਂ ਇਹ ਇਕ ਗਹਿਰੀ ਸਾਜ਼ਿਸ਼ ਹੈ।ਸਿੱਖਾਂ ਪ੍ਰਤੀ ਹੋਰਨਾਂ ਕੌਮਾਂ ਅੰਦਰ ਨਫਰਤ ਪੈਦਾ ਕਰਨ ਲਈ ਇਹ ਫ਼ਿਲਮ ਇੱਕ ਮਨੋਵਿਗਿਆਨਕ ਹਮਲਾ ਹੈ ਜਿਸ ਉੱਪਰ ਸਰਕਾਰ ਨੂੰ ਅਗਾਊਂ ਨੋਟਿਸ ਲੈਂਦਿਆਂ ਰੋਕ ਲਗਾਉਣੀ ਚਾਹੀਦੀ ਹੈ।