ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੇ ਵਜ਼ੀਰ ਨੇ ਅੱਧੀ ਰਾਤ ਸਮੇਂ ਮਹਿਲਾ ਆਈਏਐਸ ਅਫ਼ਸਰ ਨੂੰ ਵ੍ਹੱਟਸ ਐਪ ਰਾਹੀਂ ਸ਼ੇਅਰ ਭੇਜ ਦਿੱਤੇ, ਜੋ ਹੁਣ ਮਹਿੰਗੇ ਪੈਂਦੇ ਵਿਖਾਈ ਦੇ ਰਹੇ ਹਨ। ਬੇਸ਼ੱਖ ਘਟਨਾ ਕਾਫ਼ੀ ਸਮਾਂ ਪੁਰਾਣੀ ਹੈ ਪਰ ਪੂਰੀ ਦੁਨੀਆ ਵਿੱਚ ‘ਮੀ ਟੂ’ ਮੁਹਿੰਮ ਤਹਿਤ ਔਰਤਾਂ ਵੱਲੋਂ ਆਪਣੇ ਨਾਲ ਵਾਪਰੀਆਂ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਤੋਂ ਪਰਦਾ ਚੁੱਕੇ ਜਾਣ ਨਾਲ ਮੰਤਰੀ ਦੀ ਕੁਰਸੀ ਖ਼ਤਰੇ ਵਿੱਚ ਜਾਪਦੀ ਹੈ। ਘਟਨਾ ਨਾਲ ਜਿੱਥੇ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਵੀ ਸਾਹਮਣੇ ਆ ਗਈ ਹੈ, ਉੱਥੇ ਮੁੱਖ ਮੰਤਰੀ ਘਟਨਾ ਨੂੰ ਹੱਲ ਹੋ ਚੁੱਕੀ ਹੀ ਸਮਝ ਰਹੇ ਹਨ।

ਸੂਤਰਾਂ ਮੁਤਾਬਕ ਮੰਤਰੀ ਨੇ ਜਦ ਮਹਿਲਾ ਅਧਿਕਾਰੀ ਨੂੰ ਅੱਧੀ ਰਾਤ ਸਮੇਂ ਸ਼ੇਅਰ ਭੇਜੇ ਤਾਂ ਅਫ਼ਸਰ ਨੇ ਤੁਰੰਤ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਸੁਨੇਹੇ ਨਾ ਭੇਜੇ ਜਾਣ, ਮੈਂ ਅਸਹਿਜ ਮਹਿਸੂਸ ਕਰਦੀ ਹਾਂ। ਹਾਲਾਂਕਿ, ਮਹਿਲਾ ਅਧਿਕਾਰੀ ਦੇ ਜਵਾਬ ਤੋਂ ਬਾਅਦ ਮੰਤਰੀ ਚੁੱਪ ਹੋ ਗਿਆ ਤੇ ਅੱਗੋਂ ਕੋਈ ਹੋਰ ਸੰਦੇਸ਼ ਨਹੀਂ ਭੇਜਿਆ।

ਮਹਿਲਾ ਅਧਿਕਾਰੀ ਨੇ ਆਪਣੇ ਸਾਥੀ ਅਧਿਕਾਰੀਆਂ ਨਾਲ ਇਹ ਘਟਨਾ ਸਾਂਝੀ ਕੀਤੀ ਅਤੇ ਇਹ ਸਾਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਵੀ ਲਿਆਂਦਾ। ਮੀਡੀਆ ਵਿੱਚ ਇਸ ਮਾਮਲੇ ਦਾ ਖੁਲਾਸਾ ਅਜਿਹੇ ਸਮੇਂ ਹੋਇਆ ਹੈ, ਜਦੋਂ ਮੁੱਖ ਮੰਤਰੀ ਵਿਦੇਸ਼ ਦੌਰੇ ’ਤੇ ਹਨ। ਇਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ ਤੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਮੰਤਰੀ ਵੱਲੋਂ ਮਹਿਲਾ ਸਰਕਾਰੀ ਅਫ਼ਸਰ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਸਬੰਧੀ ਮਾਮਲੇ ਨੂੰ ਪਹਿਲਾਂ ਹੀ ਸੰਜੀਦਗੀ ਨਾਲ ਲਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਅਫ਼ਸਰ ਦੀ ਸੰਤੁਸ਼ਟੀ ਅਨੁਸਾਰ ਇਹ ਮਾਮਲਾ ਹੱਲ ਕੀਤਾ ਜਾ ਚੁੱਕਾ ਹੈ।

ਜਦਕਿ, ਸੂਤਰਾਂ ਦਾ ਦੱਸਣਾ ਹੈ ਕਿ ਜਦ ਉਕਤ ਮੰਤਰੀ ਵਿਧਾਇਕ ਸੀ ਤਾਂ ਇਹੋ ਮਹਿਲਾ ਅਧਿਕਾਰੀ ਉਸ ਦੇ ਹਲਕੇ ਵਿੱਚ ਤਾਇਨਾਤ ਸੀ ਅਤੇ ਉਦੋਂ ਵੀ ਐਮਐਲਏ ਦੀਆਂ ਹਰਕਤਾਂ ਕੁਝ ਸਹੀ ਨਹੀਂ ਸੀ। ਕਾਂਗਰਸ ਦੇ ਇੱਕ ਸੀਨੀਅਰ ਲੀਡਰ ਦਾ ਕਹਿਣਾ ਹੈ ਕਿ ਮਹਿਲਾ ਅਧਿਕਾਰੀ ਨਾਲ ਇਹ ਹਰਕਤ ਮੰਤਰੀ ਦੀ ਕੁਰਸੀ ਲਈ ਖ਼ਤਰਾ ਬਣ ਗਈ ਹੈ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਮੰਤਰੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਦੇ ਨਵੰਬਰ ਦੇ ਪਹਿਲੇ ਹਫ਼ਤੇ ਪਰਤਣ ਤਕ ਇਹ ਮਾਮਲਾ ਭਖ਼ਣ ਦੇ ਪੂਰੀ ਆਸਾਰ ਹਨ ਅਤੇ ਕੇਂਦਰੀ ਮੰਤਰੀ ਐਮ.ਜੇ. ਅਕਬਰ ਵਾਂਗ ਪੰਜਾਬ ਦੇ ਇਸ ਮੰਤਰੀ ਦੀ ਛੁੱਟੀ ਵੀ ਤੈਅ ਮੰਨੀ ਜਾ ਰਹੀ ਹੈ।