ਚੰਡੀਗੜ੍ਹ:  ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ‘ਚ ਆਪਣੀ ਹਾਰ ਤੋਂ ਬਾਅਦ 27 ਮਈ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਦਕਿ ਉਨ੍ਹਾਂ ਦਾ ਅਸਤੀਫਾ ਪਾਰਟੀ ਨੇ ਮਨਜ਼ੂਰ ਨਹੀਂ ਕੀਤਾ। ਇਸ ਦੇ ਨਾਲ ਹੀ ਜਾਖੜ ਵੱਲੋਂ ਪਾਰਟੀ ਵਰਕਰਾਂ ਨੂੰ ਕੋਈ ਕੰਮ ਨਹੀਂ ਦਿੱਤਾ ਜਾ ਰਿਹਾ।


ਜਾਖੜ ਦੇ ਅਸਤੀਫੇ ਤੋਂ ਬਾਅਦ ਵਰਕਰਾਂ ‘ਚ ਕਾਫੀ ਮਾਯੂਸੀ ਹੈ। ਵਰਕਰ ਜਾਖੜ ਰਾਹੀਂ ਆਪਣੀਆਂ ਗੱਲਾਂ ਸਰਕਾਰ ਤਕ ਪਹੁੰਚਾਉਣ ‘ਚ ਸਹਿਜ ਮਹਿਸੂਸ ਕਰਦੇ ਹਨ। ਪਾਰਟੀ ਦੇ ਕਈ ਵਿਧਾਇਕ ਵੀ ਸੁਨੀਲ ਜਾਖੜ ਦੇ ਅਸਤੀਫੇ ਤੋਂ ਬਾਅਦ ਨਾਖੁਸ਼ ਨਜ਼ਰ ਆ ਰਹੇ ਹਨ।

ਲੰਬੇ ਸਮੇਂ ਤੋਂ ਕਾਂਗਰਸ ਭਵਨ ‘ਚ ਤਾਇਨਾਤ ਵਰਕਰ ਨੇ ਕਿਹਾ ਕਿ ਪਾਰਟੀ ਦੀ ਅਜਿਹੀ ਹਾਲਤ ਉਨ੍ਹਾਂ ਨੇ ਵਿਰੋਧੀ ਧਿਰ ਦੇ ਸਮੇਂ ‘ਚ ਹੀ ਵੇਖੀ। ਪਾਰਟੀ ਦੇ ਸਕੱਤਰ ਤੇ ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਕੈਪਟਨ ਸੰਦੀਪ ਸੰਧੂ ਤਾਂ ਕਾਂਗਰਸ ਭਵਨ ਪਹੁੰਚਦੇ ਹਨ ਪਰ ਮੰਤਰੀਆਂ ਦਾ ਆਉਣਾ-ਜਾਣਾ ਨਾ ਦੇ ਬਰਾਬਰ ਹੈ। ਦੱਸਿਆ ਦਾ ਰਿਹਾ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਦੇਸ਼ ‘ਚ ਪਹਿਲਾਂ ਹੀ ਪਾਰਟੀ ਦੇ ਬੁਲਾਰਿਆਂ ਨੂੰ ਮੀਡੀਆ ਡਿਬੇਟ ‘ਚ ਸ਼ਾਮਲ ਨਾ ਹੋਣ ਦੇ ਹੁਕਮ ਦਿੱਤੇ ਹੋਏ ਹਨ। ਸਰਕਾਰ ਦਾ ਪੱਖ ਕੋਈ ਨਹੀਂ ਰੱਖ ਰਿਹਾ। ਇਸ ਲਈ ਰਾਜਨੀਤਕ ਵਿਰੋਧੀ ਸਰਕਾਰ ‘ਤੇ ਭਾਰੀ ਪੈ ਰਹੇ ਹਨ।

ਖਾਸ ਕਰਕੇ ਬੇਅਦਬੀ ਮਾਮਲਾ, ਸੀਬੀਆਈ ਕਲੋਜ਼ਰ ਰਿਪੋਰਟ ਤੇ ਨਸ਼ੇ ਦੇ ਮੁੱਦੇ ‘ਤੇ ਵਿਰੋਧੀ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੇ ਹਨ। ਹਾਲ ਹੀ ‘ਚ ਕਲੋਜ਼ਰ ਰਿਪੋਰਟ ਦੇ ਮੁੱਦੇ ‘ਤੇ ਸਰਕਾਰ ਦਾ ਪੱਖ ਰੱਖਣ ਲਈ ਐਡਵੋਕੈਟ ਜਨਰਲ ਨੂੰ ਮੀਡੀਆ ਸਾਹਮਣੇ ਆਉਣਾ ਪਿਆ ਸੀ।