ਕਾਂਗਰਸ ਤੇ SAD 'ਚ ਪਿਆ ਕਾਟੋ ਕਲੇਸ਼! ਕਾਂਗਰਸ ਨੇ ਸੁਖਬੀਰ ਬਾਦਲ ਦੀ ਹੋਲੀ ਵਾਲੀ ਤਸਵੀਰ ਸ਼ੇਅਰ ਕਰ ਸਾਧਿਆ ਨਿਸ਼ਾਨਾ, ਪੁੱਛੇ ਇਹ ਸਵਾਲ
ਕਾਂਗਰਸ ਵੱਲੋਂ ਸੁਖਬੀਰ ਬਾਦਲ ਦੀ ਹੋਲੀ ਖੇਡਦੀਆਂ ਤਸਵੀਰਾਂ ਨਾਲ ਲਿਖਿਆ ਗਿਆ ਕਿ ਜੇਕਰ ਸੁਖਬੀਰ ਬਾਦਲ ਆਪਣੇ ਆਪ ਨੂੰ ਸਿੱਖ ਪੰਥ ਦਾ ਕੱਟੜ ਅਨੁਯਾਈ ਮੰਨਦੇ ਹਨ, ਤਾਂ ਉਹ ਦੱਸਣ ਕਿ ਕੀ ਸਿੱਖ ਧਰਮ ਵਿੱਚ ਦਸਤਾਰ ਉਤਾਰ ਕੇ ਖੁੱਲ੍ਹੇ ਵਾਲਾਂ ਨਾਲ ਹੋਲੀ..

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੱਚਿਆਂ ਦੇ ਜੂੜੇ ਛੂਹ ਕੇ ਕੀਤੀ ਟਿੱਪਣੀ 'ਤੇ ਆਪੱਤੀ ਜਤਾਈ ਸੀ ਅਤੇ ਇਸਨੂੰ ਸਿੱਖ ਧਰਮ ਦਾ ਅਪਮਾਨ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਦੋਵਾਂ ਪਾਰਟੀਆਂ ਇੱਕ ਦੂਜੇ ਦੇ ਨਿਸ਼ਾਨ ਸਾਧ ਰਹੀਆਂ ਹਨ। ਹੁਣ ਕਾਂਗਰਸ ਨੇ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੀ ਹੋਲੀ ਖੇਡਦੇ ਹੋਏ ਤਸਵੀਰ ਜਾਰੀ ਕੀਤੀ ਹੈ ਅਤੇ ਨਾਲ ਹੀ ਸੁਖਬੀਰ ਬਾਦਲ ਤੋਂ 9 ਸਵਾਲ ਪੁੱਛੇ ਹਨ।
ਕਾਂਗਰਸ ਵੱਲੋਂ ਸੁਖਬੀਰ ਬਾਦਲ ਦੀ ਹੋਲੀ ਖੇਡਦੀਆਂ ਤਸਵੀਰਾਂ ਨਾਲ ਲਿਖਿਆ ਗਿਆ ਕਿ ਜੇਕਰ ਸੁਖਬੀਰ ਬਾਦਲ ਆਪਣੇ ਆਪ ਨੂੰ ਸਿੱਖ ਪੰਥ ਦਾ ਕੱਟੜ ਅਨੁਯਾਈ ਮੰਨਦੇ ਹਨ, ਤਾਂ ਉਹ ਦੱਸਣ ਕਿ ਕੀ ਸਿੱਖ ਧਰਮ ਵਿੱਚ ਦਸਤਾਰ ਉਤਾਰ ਕੇ ਖੁੱਲ੍ਹੇ ਵਾਲਾਂ ਨਾਲ ਹੋਲੀ ਖੇਡਣ ਦੀ ਆਗਿਆ ਹੈ? ਕਾਂਗਰਸ ਨੇ ਇਹ ਵੀ ਪੁੱਛਿਆ ਕਿ ਜਦੋਂ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਪ੍ਰਧਾਨਗੀ ਛੱਡਣ ਲਈ ਕਿਹਾ ਸੀ, ਕੀ ਉਨ੍ਹਾਂ ਨੇ ਉਹ ਕਦਮ ਚੁੱਕਿਆ ਸੀ?
ਕਾਂਗਰਸ ਦੇ ਬੁਲਾਰੇ ਨੇ ਰਾਜਾ ਵੜਿੰਗ ਦਾ ਬਚਾਅ ਕਰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਗੱਲ ਬੱਚਿਆਂ ਨਾਲ ਪਿਆਰ ਜਤਾਉਂਦੇ ਹੋਏ ਕਹੀ ਸੀ ਅਤੇ ਇਸਦਾ ਕੇਸਾਂ ਦੇ ਅਪਮਾਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਸਦੇ ਬਾਵਜੂਦ, ਸ਼੍ਰੋਮਣੀ ਅਕਾਲੀ ਦਲ ਲਗਾਤਾਰ ਰਾਜਾ ਵੜਿੰਗ 'ਤੇ ਨਿਸ਼ਾਨਾ ਸਾਧਦੀ ਰਹੀ, ਜਿਸ ਤੋਂ ਬਾਅਦ ਹੁਣ ਕਾਂਗਰਸ ਨੇ ਸੁਖਬੀਰ ਬਾਦਲ 'ਤੇ ਸਿੱਧਾ ਹਮਲਾ ਬੋਲ ਦਿੱਤਾ ਹੈ।
ਕਾਂਗਰਸ ਵੱਲੋਂ ਸੁਖਬੀਰ ਬਾਦਲ 'ਤੇ ਹਮਲਾ ਜਾਰੀ, ਲਗਾਏ ਗੰਭੀਰ ਇਲਜ਼ਾਮ
ਕਾਂਗਰਸ ਨੇ ਆਪਣੇ ਸਵਾਲਾਂ 'ਚ ਸੁਖਬੀਰ ਬਾਦਲ ਨੂੰ ਘੇਰਦੇ ਹੋਏ ਕਿਹਾ ਕਿ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਣ ਦਾ ਹੁਕਮ ਦਿੱਤਾ ਸੀ, ਪਰ ਉਸ ਦੇ ਬਾਵਜੂਦ ਵੀ ਉਹ ਮੁੜ ਪ੍ਰਧਾਨ ਬਣ ਗਏ।
ਕਾਂਗਰਸ ਨੇ ਸੁਖਬੀਰ ਬਾਦਲ ਨੂੰ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਲਈ ਵੀ ਸਿੱਧਾ ਜ਼ਿੰਮੇਵਾਰ ਦੱਸਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖ਼ਿਲਾਫ਼ ਬਰਗਾੜੀ ਅਤੇ ਬਹਿਬਲ ਕਲਾਂ ਘਟਨਾ ਦੌਰਾਨ ਜੋ ਕੁਝ ਹੋਇਆ, ਉਸ ਲਈ ਸੁਖਬੀਰ ਬਾਦਲ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ।
ਇਸ ਤਰ੍ਹਾਂ ਕਾਂਗਰਸ ਨੇ ਕੁੱਲ ਨੌ ਸਵਾਲ ਉਨ੍ਹਾਂ ਤੋਂ ਪੁੱਛੇ ਹਨ ਤੇ ਉਨ੍ਹਾਂ ਦਾ ਜਵਾਬ ਮੰਗਿਆ ਹੈ।
1- ਕੀ ਦਸਤਾਰ ਲਾਹ ਕੇ ਹੋਲੀ ਖੇਡਣਾ ਸਿੱਖ ਕੌਮ ਵਿੱਚ ਪ੍ਰਵਾਨਿਤ ਹੈ?
2- ਕੀ ਉਸ ਨਾਲ ਕੇਸਾਂ ਦੀ ਬੇਅਦਬੀ ਨਹੀਂ ਹੁੰਦੀ?
3- ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦੇ ਪ੍ਰਧਾਨ ਦਾ ਇਸ ਤਰੀਕੇ ਦਾ ਵਰਤਾਰਾ ਕੀ ਸਾਡੀ ਸਿੱਖ ਨੌਜਵਾਨ ਪੀੜੀ ਨੂੰ ਗਲਤ ਸੇਧ ਨਹੀਂ ਦੇ ਰਿਹਾ?
4- ਚਵਰ ਤਖ਼ਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮੰਨ ਕੇ ਬਾਅਦ ਵਿੱਚ ਆਪਣੇ ਹੀ ਬਿਆਨਾਂ ਤੋਂ ਮੁਨਕਰ ਹੋਣਾ, ਕੀ ਸਿੱਖ ਕੌਮ ਨੂੰ ਇਹ ਪ੍ਰਵਾਨ ਹੈ?
5- 328 ਸਰੂਪ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਚੋਰੀ ਹੋਏ, ਤੁਸੀਂ ਉਸ ਲਈ ਕੀ ਕੀਤਾ?
6- ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਸੌਦਾ ਸਾਧ ਨੂੰ ਮੁਆਫ਼ੀ ਦੇ ਕੇ ਤੁਸੀਂ ਕੌਮ ਦਾ ਮਿਹਣਾ ਖੱਟਿਆ, ਕੀ ਸਿੱਖ ਕੌਮ ਤੋਂ ਤੁਸੀਂ ਇਸ ਦੀ ਮੁਆਫ਼ੀ ਮੰਗੋਂਗੇ?
7- ਬਰਗਾੜੀ ਬਹਿਬਲ ਕਲਾਂ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵੱਜੋਂ ਲਗਾਏ ਧਰਨੇ ਵਿੱਚ ਸਿੱਖ ਨੌਜਵਾਨਾਂ ਉੱਤੇ ਗੋਲੀ ਚਲਵਾ ਕੇ ਕਤਲ ਕਰਵਾਏ, ਇਸ ਲਈ ਸਿੱਖ ਕੌਮ ਸਨਮੁੱਖ ਕਦੋਂ ਜਵਾਬ ਦੇਵੇਗਾ ਪੰਥਕ ਪਾਰਟੀ ਦਾ ਪ੍ਰਧਾਨ?
8- ਸੁਮੇਧ ਸੈਣੀ ਨੂੰ ਤੁਸੀਂ DGP ਲਾਇਆ।
9- ਕੀ ਸੁਖਬੀਰ ਬਾਦਲ ਨੇ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਹੀਂ ਕੀਤੀ?
SGPC ਵੱਲੋਂ ਰਾਜਾ ਵੜਿੰਗ ਦੇ ਖਿਲਾਫ ਸ਼ਿਕਾਇਤ
ਬੱਚਿਆਂ ਦੇ ਕੇਸਾਂ ਦੀ ਬੇਅਦਬੀ ਦੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGP.) ਵੱਲੋਂ ਐਸ.ਐਸ.ਪੀ. ਤਰਨਤਾਰਨ ਨੂੰ ਰਾਜਾ ਵੜਿੰਗ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। SGPC ਨੇ ਇਸਨੂੰ ਸਿੱਖ ਧਰਮ ਦੀ ਮਰਿਆਦਾ ਦਾ ਉਲੰਘਣ ਦੱਸਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।






















