ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਕੋਰੋਨਾ ਵੈਕਸੀਨੇਸ਼ਨ ਦੇ ਤੀਜੇ ਪੜਾਅ 'ਚ ਇਸ ਨਾਲ ਜੁੜੇ ਲਾਭਪਾਤਰੀਆਂ ਵੱਲੋਂ ਬਹੁਤਾ ਹੁੰਗਾਰਾ ਨਹੀਂ ਮਿਲ ਰਿਹਾ ਤੇ ਬਹੁਤ ਘੱਟ ਗਿਣਤੀ 'ਚ ਇਸ ਕੈਟਾਗਿਰੀ 'ਚ ਸ਼ਾਮਲ ਲਾਭਪਾਤਰੀ ਇਸ ਦਾ ਫਾਇਦਾ ਚੁੱਕ ਰਹੇ ਹਨ। ਜਿਸ ਨੂੰ ਲੈ ਕੇ ਸਿਹਤ ਵਿਭਾਗ ਤੇ ਲੇਬਰ ਵਿਭਾਗ ਦੇ ਅਧਿਕਾਰੀ ਲਗਾਤਾਰ ਚਰਚਾ ਕਰ ਰਹੇ ਹਨ।
ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸਿਹਤ ਵਿਭਾਗ ਨੇ ਇਸ ਪੜਾਅ 'ਚ ਸ਼ਾਮਲ ਕੀਤੇ ਲਾਭਪਾਤਰੀ (18 ਸਾਲ ਤੋਂ 44 ਸਾਲ), ਜਿੰਨ੍ਹਾਂ ਦਾ ਰਿਕਾਰਡ ਲੇਬਰ ਵਿਭਾਗ ਕੋਲ ਦਰਜ ਹੈ ਅਤੇ ਜੋ ਰਾਜ ਮਿਸਤਰੀ, ਮਜਦੂਰੀ, ਪਲੰਬਰ, ਇਲੈਕਟ੍ਰੀਸ਼ੀਅਨ, ਭੱਠਿਆਂ 'ਤੇ ਕੰਮ ਕਰਨ ਵਾਲੇ ਜਾਂ ਹੋਰ ਕਿਸੇ ਕਿਸਮ ਦਾ ਮਜਦੂਰੀ ਦਾ ਕੰਮ ਕਰ ਰਹੇ ਹਨ, ਸ਼ਾਮਲ ਕੀਤੇ ਸਨ।
ਜਿਨਾਂ ਦੀ ਉਮਰ 18 ਸਾਲ ਤੋਂ 44 ਸਾਲ ਦੇ ਦਰਮਿਆਨ ਹੈ, ਉਨ੍ਹਾਂ ਨੂੰ ਵੀ ਤੀਜੇ ਪੜਾਅ 'ਚ ਵੈਕਸੀਨ ਲਾਉਣ ਦਾ ਫੈਸਲਾ ਲਿਆ ਸੀ ਤੇ ਇਸ ਦਾ ਦਾਇਰਾ ਹੋਰ ਵਧਾਉਂਦੇ ਹੋਏ ਇਸ 'ਚ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਸੀ।
ਅੰਮ੍ਰਿਤਸਰ 'ਚ ਲੇਬਰ ਵਿਭਾਗ ਨੇ ਸਿਹਤ ਵਿਭਾਗ ਨੂੰ ਜੋ ਅੰਕੜੇ ਦਿੱਤੇ ਸਨ, ਉਸ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ 'ਚ 11,000 ਲਾਭਪਾਤਰੀ ਇਸ ਲੇਬਰ ਵਿਭਾਗ ਕੋਲ ਰਜਿਸਟਰਡ ਸਨ ਤੇ ਸਿਹਤ ਵਿਭਾਗ ਕੋਲ 10,000 ਡੋਜ ਆ ਚੁੱਕੀ ਹੈ ਪਰ ਇਸ ਤੀਜੇ ਪੜਾਅ ਨੂੰ ਪਹਿਲੇ ਦਿਨ ਬਹੁਤ ਘੱਟ ਹੁੰਗਾਰਾ ਮਿਲਿਆ।
ਵੈਕਸੀਨੇਸ਼ਨ ਕਰਵਾਉਣ ਲਈ ਸਿਰਫ 21 ਲਾਭਪਾਤਰੀ ਬੀਤੇ ਕੱਲ ਪੁੱਜੇ। ਅੰਮ੍ਰਿਤਸਰ ਜਿਲੇ 'ਚ ਪੰਜ ਕੇਂਦਰ ਕੋਟ ਖਾਲਸਾ, ਛੇਹਰਟਾ, ਫਤਾਹਪੁਰ, ਬਾਬਾ ਬਕਾਲਾ ਤੇ ਮਜੀਠਾ ਬਣਾਏ ਗਏ ਹਨ। ਜਿੱਥੇ ਇਸ ਕੈਟਾਗਰੀ 'ਚ ਸ਼ਾਮਲ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ। ਇਸ ਬਾਬਤ ਜਦ ਸਿਹਤ ਵਿਭਾਗ ਦੇ ਵੈਕਸੀਨੇਸ਼ਨ ਡਰਾਈਵ ਦੇ ਇੰਚਾਰਜ ਡਾ. ਵਿਨੋਦ ਕੁੰਡਲ ਨਾਲ ਗੱਲਬਾਤ ਕੀਤੀ ਤਾਂ ਉਨਾਂ ਮੰਨਿਆ ਕਿ ਅੰਮ੍ਰਿਤਸਰ ਜਿਲੇ 'ਚ ਤੀਜੇ ਫੇਸ ਨੂੰ ਘੱਟ ਹੁੰਗਾਰਾ ਮਿਲਿਆ ਹੈ।
ਉਨ੍ਹਾਂ ਦੱਸਿਆ ਇਸ ਦੇ ਕਈ ਕਾਰਨ ਹੋ ਸਕਦੇ ਹਨ, ਕਿਉਂਕਿ ਮਜਦੂਰੀ ਨਾਲ ਜੁੜੇ ਕਾਮੇ ਕਈ ਥਾਈਂ ਕੰਮ ਕਰਨ ਲਈ ਜਾਂਦੇ ਹਨ ਤੇ ਇਨਾਂ ਦਾ ਆਪਣਾ ਕੰਮ ਛੱਡ ਕੇ ਆਉਣਾ ਬਹੁਤ ਮੁਸ਼ਕਲ ਹੈ ਤੇ ਨਾਲ ਹੀ ਵੈਕਸੀਨੇਸ਼ਨ ਪ੍ਰਤੀ ਜਾਗਰੂਕਤਾ ਦਾ ਘੱਟ ਹੋਣਾ ਵੀ ਇਕ ਕਾਰਨ ਹੈ ਤੇ ਨਾਲ ਹੀ ਕਈਆਂ ਕੋਲ ਤਾਂ ਮੋਬਾਇਲ ਵੀ ਨਹੀਂ ਹੈ ਤਾਂ ਅਜਿਹੇ 'ਚ ਸਾਨੂੰ ਸੰਪਰਕ ਕਰਨ 'ਚ ਵੀ ਮੁਸ਼ਕਲ ਆਉਂਦੀ ਹੈ।
ਡਾ. ਕੁੰਡਲ ਨੇ ਦੱਸਿਆ ਕਿ ਹੁਣ ਇਸ ਦੇ ਹੱਲ ਲਈ ਸਿਹਤ ਵਿਭਾਗ ਵੱਲੋਂ ਲੇਬਰ ਵਿਭਾਗ ਨਾਲ ਮਿਲ ਕੇ ਉਨਾਂ ਥਾਵਾਂ 'ਤੇ ਕੈਂਪ ਲਗਾਏ ਜਾਣਗੇ, ਜਿੱਥੇ ਵੱਡੀ ਗਿਣਤੀ 'ਚ ਕਾਮੇ ਕੰਮ ਕਰ ਰਹੇ ਹੋਣ ਤਾਂਕਿ ਉਥੇ ਸਾਰਿਆਂ ਨੂੰ ਇਕੋ ਵੇਲੇ ਹੀ ਵੈਕਸੀਨੇਸ਼ਨ ਦਿੱਤੀ ਜਾ ਸਕੇ। ਸਿਹਤ ਵਿਭਾਗ ਵੱਲੋਂ ਇਸ ਫੇਸ ਨੂੰ ਕਾਮਯਾਬ ਕਰਨ ਲਈ ਲੇਬਰ ਵਿਭਾਗ ਨਾਲ ਮਿਲ ਕੇ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ।