ਮੁਸ਼ਕਿਲ ਦੌਰ 'ਚੋਂ ਗੁਜ਼ਰ ਰਿਹਾ ਪੰਜਾਬ, ਕੈਪਟਨ ਲਈ ਵੱਡੀ ਚੁਣੌਤੀ !
ਨਤੀਜਾ ਇਹ ਕਿ ਹੁਣ ਪੰਜਾਬ 'ਚ ਹਾਲਾਤ ਨਾਜ਼ੁਕ ਹੋ ਰਹੇ ਹਨ। ਦਰਅਸਲ ਮਾਲ ਗੱਡੀਆਂ ਦੀ ਸਪਲਾਈ ਵੀ ਰੇਲਵੇ ਵੱਲੋਂ ਰੋਕ ਦਿੱਤੀ ਗਈ ਜਿਸ ਤੋਂ ਬਾਅਦ ਸਭ ਤੋਂ ਵੱਡਾ ਸੰਕਟ ਕੋਲੇ ਦਾ ਗਰਮਾ ਰਿਹਾ ਹੈ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੇਂਦਰ ਵੱਲੋਂ ਖੇਤੀ ਸੁਧਾਰ ਦੇ ਨਾਂਅ 'ਤੇ ਜਾਰੀ ਕੀਤੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਡਟੇ ਹੋਏ ਹਨ। ਰੇਲ ਪਟੜੀਆਂ, ਟੋਲ ਪਲਾਜ਼ਿਆਂ, ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ ਤੇ ਮੌਲ ਸਭ ਥਾਵਾਂ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਜਿੱਥੇ ਕਿਸਾਨ ਪੂਰੀ ਦ੍ਰਿੜਤਾ ਨਾਲ ਇਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਡਟੇ ਹਨ ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਵੀ ਪੂਰਾ ਸਖਤ ਰਵੱਈਆ ਅਪਣਾ ਰਹੀ ਹੈ ਤੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਵੀ ਟਸ ਤੋਂ ਮਸ ਨਹੀਂ ਹੋਈ।
ਨਤੀਜਾ ਇਹ ਕਿ ਹੁਣ ਪੰਜਾਬ 'ਚ ਹਾਲਾਤ ਨਾਜ਼ੁਕ ਹੋ ਰਹੇ ਹਨ। ਦਰਅਸਲ ਮਾਲ ਗੱਡੀਆਂ ਦੀ ਸਪਲਾਈ ਵੀ ਰੇਲਵੇ ਵੱਲੋਂ ਰੋਕ ਦਿੱਤੀ ਗਈ ਜਿਸ ਤੋਂ ਬਾਅਦ ਸਭ ਤੋਂ ਵੱਡਾ ਸੰਕਟ ਕੋਲੇ ਦਾ ਗਰਮਾ ਰਿਹਾ ਹੈ।
ਪੰਜਾਬ 'ਚ ਕੋਲੇ ਦੀ ਘਾਟ ਬਿਜਲੀ ਸੰਕਟ ਵਧਿਆ
ਕੋਲੇ ਦੀ ਕਮੀ ਕਾਰਨ ਨਿੱਜੀ ਜੀਵੀਕੇ ਪਲਾਂਟ ਵੀ ਬੰਦ ਹੋ ਗਿਆ ਹੈ। ਦੋ ਹੋਰ ਪਾਵਰ ਪਲਾਂਟ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਤੇ ਮਾਨਸਾ ਸਥਿਤ ਤਲਵੰਡੀ ਸਾਬੋ ਨੇ ਕੋਲੇ ਦੀ ਕਮੀ ਕਾਰਨ ਪਹਿਲਾਂ ਹੀ ਸੰਚਾਲਨ ਬੰਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਸੂਬੇ 'ਚ ਪਾਵਰ ਕੱਟ ਲੱਗਣੇ ਲਾਜ਼ਮੀ ਹਨ।
ਪੰਜਾਬ 'ਚ ਨਹੀਂ ਪਹੁੰਚ ਰਿਹਾ ਯੂਰੀਆ
ਪੰਜਾਬ 'ਚ ਬਾਹਰੀ ਸੂਬਿਆਂ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਗੁਜਰਾਤ ਤੋਂ ਹੁੰਦਾ ਹੋਇਆ ਟਰੇਨਾਂ ਜ਼ਰੀਏ ਯੂਰੀਆ ਪਹੁੰਚਦਾ ਹੈ। ਜਦਕਿ ਹੁਣ ਯੂਰੀਆ ਟਰੇਨਾਂ ਦੀ ਥਾਂ ਟਰੱਕਾਂ 'ਚ ਪਹੁੰਚ ਰਿਹਾ ਹੈ। ਪੰਜਾਬ 'ਚ ਕਣਕ ਦੀ ਖੇਤੀ 35 ਲੱਖ ਹੈਕਟੇਅਰ 'ਚ ਕੀਤੀ ਜਾਂਦੀ ਹੈ ਤੇ ਉਸ ਲਈ 14 ਲੱਖ ਟਨ ਯੂਰੀਆ ਦੀ ਮੰਗ ਹੈ। ਅਕਤੂਬਰ ਮਹੀਨੇ ਚਾਰ ਲੱਖ ਟਨ ਯੂਰੀਆ ਪੰਜਾਬ ਪਹੁੰਚਣਾ ਸੀ ਪਰ ਜੋ ਸਿਰਫ 50,000 ਟਨ ਹੀ ਪਹੁੰਚ ਸਕਿਆ ਹੈ।
ਪੰਜਾਬ ਸਾਹਮਣੇ ਫਰਟੀਲਾਇਜਰਸ ਦੀ ਕਮੀ:
ਕਣਕ ਦੀ ਫਸਲ ਲਈ ਸੂਬੇ ਦੇ ਸਾਹਮਣੇ ਫਰਟੀਲਾਇਜ਼ਰਸ ਦੀ ਵੀ ਭਾਰੀ ਕਮੀ ਹੈ। ਪਿਛਲੇ ਇਕ ਮਹੀਨੇ ਤੋਂ ਸੂਬੇ 'ਚ ਯੂਰੀਆ ਜਾਂ ਡਾਇਮੋਨੀਅਮ ਫਾਸਫੇਟ ਨਾ ਆਉਣ ਨਾਲ ਇਸਦੀ ਭਾਰੀ ਕਿੱਲਤ ਦਾ ਖਦਸ਼ਾ ਹੈ।
ਅਨਾਜ ਦੀ ਸਪਲਾਈ ਰੁਕੀ:
ਪੰਜਾਬ ਤੋਂ ਬਾਹਰ ਭੇਜਿਆ ਜਾਣ ਵਾਲਾ ਅਨਾਜ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਵੇਅਰਹਾਊਸਾਂ ਤੇ ਖੁੱਲ੍ਹੀਆਂ ਥਾਵਾਂ 'ਤੇ ਕਰੀਬ 137 ਲੱਖ ਟਨ ਰੱਖੀ ਕਣਕ ਖਰਾਬ ਹੋਣ ਦਾ ਡਰ ਹੈ। ਇਹ ਕਣਕ ਪੰਜਾਬ ਤੋਂ ਬਾਹਰ ਹੋਰ ਰਾਜਾਂ 'ਚ ਭੇਜੀ ਜਾਣੀ ਹੈ। ਇਸ ਤੋਂ ਇਲਾਵਾ ਪਿਛਲੇ ਮਹੀਨੇ ਖਰੀਦਿਆ ਗਿਆ 185 ਲੱਖ ਐਮਟੀ ਝੋਨਾ ਵੀ, ਚੌਲ ਕੱਢ ਕੇ ਸਟੋਰ ਕੀਤਾ ਜਾਣਾ ਹੈ। ਜੇਕਰ ਉਹ ਸਟੋਰ ਕਰ ਲਿਆ ਗਿਆ ਤਾਂ ਸੂਬੇ 'ਚ ਸਟੋਰ ਕਰਨ ਦੀ ਸਮਰੱਥਾ ਖਤਮ ਹੋ ਜਾਵੇਗੀ।
ਪੰਜਾਬ 'ਚ ਨਹੀਂ ਪਹੁੰਚ ਰਹੀਆਂ ਬੋਰੀਆਂ
ਖਰੀਦੇ ਗਏ ਝੋਨੇ ਤੇ ਚੌਲਾਂ ਨੂੰ ਸਟੋਰ ਕਰਨ ਲਈ ਪੰਜਾਬ 'ਚ ਟਾਟ ਦੇ ਬੋਰੇ ਪੱਛਮੀ ਬੰਗਾਲ ਤੋਂ ਆਉਂਦੇ ਹਨ। ਇਹ ਬੋਰੇ ਅਕਤੂਬਰ ਮਹੀਨੇ ਤੋਂ ਦਿੱਲੀ 'ਚ ਅਟਕੇ ਹੋਏ ਹਨ। ਅਜਿਹੇ 'ਚ ਟਾਟ ਦੇ ਬੋਰਿਆਂ ਦੀ ਵੀ ਕਮੀ ਝੱਲਣੀ ਪੈ ਰਹੀ ਹੈ। ਇਸ ਤੋਂ ਇਲਾਵਾ ਝੋਨੇ ਤੇ ਚੌਲਾਂ ਦੇ ਭੰਡਾਰ ਲਈ ਜੂਟ ਦੇ ਬੋਰਿਆਂ ਦੀ ਵੀ ਕਮੀ ਹੋ ਗਈ ਹੈ।
ਪੰਜਾਬ 'ਚ ਕਿਉਂ ਬਣੇ ਮੁਸ਼ਕਿਲ ਹਾਲਾਤ:
ਕਰੀਬ ਇਕ ਮਹੀਨੇ ਤੋਂ ਪੰਜਾਬ 'ਚ ਮਾਲ ਗੱਡੀਆਂ ਦੀ ਸਪਲਾਈ ਬੰਦ ਹੈ। ਹਾਲਾਂਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 23 ਅਕਤੂਬਰ ਨੂੰ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਸੀ। ਪਰ ਇਸ ਮਗਰੋਂ ਰੇਲਵੇ ਨੇ ਸੁਰੱਖਿਆ ਦੇ ਮੱਦੇਨਜ਼ਰ ਪੂਰਨ ਤੌਰ 'ਤੇ ਧਰਨਾ ਚੁੱਕਣ ਤੋਂ ਬਾਅਦ ਹੀ ਰੇਲ ਸੇਵਾਵਾਂ ਬਹਾਲ ਕਰਨ ਦੀ ਗੱਲ ਆਖੀ।
ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੂੰ ਚਿੱਠੀ ਲਿਖ ਕੇ ਰੇਲ ਸੇਵਾਵਾਂ ਬਹਾਲ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਚਿੱਠੀ ਲਿਖ ਕੇ ਰੇਲਵੇ ਵੱਲੋਂ ਮਾਲਗੱਡੀਆਂ ਰੋਕੇ ਜਾਣ 'ਤੇ ਨਰਾਜ਼ਗੀ ਜਤਾਈ।
ਪੰਜਾਬ 'ਚ ਕੋਲੇ ਦੀ ਕਮੀ ਕਾਰਨ ਹਾਲਾਤ ਨਾਜ਼ੁਕ, ਅੱਜ ਤੋਂ ਲੱਗਣਗੇ ਪਾਵਰ ਕੱਟ
ਵਿਧਾਇਕਾਂ ਸਣੇ ਕੈਪਟਨ ਕਰਨਗੇ ਦਿੱਲੀ ਦਾ ਰੁਖ਼
ਸੂਬੇ 'ਚ ਬਣੇ ਮੁਸ਼ਕਿਲ ਹਾਲਾਤਾਂ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਰ ਨਵੰਬਰ ਨੂੰ ਕਾਂਗਰਸੀ ਵਿਧਾਇਕਾਂ ਸਣੇ ਦਿੱਲੀ ਵੱਲ ਕੂਚ ਕਰਨਗੇ। ਹਾਲਾਂਕਿ ਉਨ੍ਹਾਂ ਇਸ ਧਰਨੇ 'ਚ ਸ਼ਾਮਲ ਹੋਣ ਲਈ ਬਾਕੀ ਪਾਰਟੀਆਂ ਨੂੰ ਵੀ ਸੱਦਾ ਦਿੱਤਾ ਹੈ ਪਰ ਪੰਜਾਬ 'ਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ