Punjab Day: ਪੰਜਾਬ ਦਿਵਸ ਮੌਕੇ ਸੀਐਮ ਭਗਵੰਤ ਮਾਨ ਸਰਵੋਤਮ ਲੇਖਕਾਂ ਦਾ ਕਰਨਗੇ ਸਨਮਾਨ
ਪੰਜਾਬ ਦਿਵਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿੱਚ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਭਗਵੰਤ ਮਾਨ ਸਰਵੋਤਮ ਸਾਹਿਤਕ ਪੁਸਤਕਾਂ-2018 ਤੇ 2019 ਦੇ ਲੇਖਕਾਂ ਦਾ ਸਨਮਾਨ ਕਰਨਗੇ।
Patiala News: ਪੰਜਾਬ ਦਿਵਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿੱਚ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਭਗਵੰਤ ਮਾਨ ਸਰਵੋਤਮ ਸਾਹਿਤਕ ਪੁਸਤਕਾਂ-2018 ਤੇ 2019 ਦੇ ਲੇਖਕਾਂ ਦਾ ਸਨਮਾਨ ਕਰਨਗੇ। ਇਸ ਸਮਾਗਮ ਵਿੱਚ ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਹਨ।
ਹਾਸਲ ਜਾਣਕਾਰੀ ਅਨੁਸਾਰ ਸਮਾਗਮ ਦੌਰਾਨ 2018 ਵਿੱਚ ਛਪੀਆਂ ਪੁਸਤਕਾਂ ਲਈ ਸਤਪਾਲ ਭੀਖੀ, ਰਾਮ ਮੂਰਤ ਸਿੰਘ, ਗੁਰਮੁਖ ਸਿੰਘ, ਖੋਜੀ ਕਾਫ਼ਰ, ਸੰਤਵੀਰ, ਸੁਲੱਖਣ ਸਰਹੱਦੀ, ਰਾਕੇਸ਼ ਕੁਮਾਰ, ਰਾਜਿੰਦਰ ਸਿੰਘ, ਜਗਜੀਤ ਸਿੰਘ ਲੱਡਾ ਅਤੇ 2019 ਵਿੱਚ ਛਾਪੀਆਂ ਪੁਸਤਕਾਂ ਲਈ ਸੁਲੱਖਣ ਸਰਹੱਦੀ, ਡਾ. ਓਮ ਪ੍ਰਕਾਸ਼ ਵਸ਼ਿਸ਼ਟ, ਪ੍ਰੀਤ ਮਹਿੰਦਰ ਸਿੰਘ, ਡਾ. ਧਨਵੰਤ ਕੌਰ, ਪਵਿੱਤਰ ਕੌਰ ਮਾਟੀ, ਡਾ. ਗੁਰਮਿੰਦਰ ਸਿੱਧੂ, ਸੁਖਦੇਵ ਸਿੰਘ, ਸੁਖਮਿੰਦਰ ਸਿੰਘ ਤੇ ਡਾ. ਸੁਦਰਸ਼ਨ ਗਾਸੋ ਦਾ ਸਨਮਾਨ ਕੀਤਾ ਜਾਵੇਗਾ।
ਭਾਸ਼ਾ ਵਿਭਾਗ ਦੀ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਸਮਾਗਮ ਲਈ 500 ਡੈਲੀਗੇਟਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਦੱਸ ਦਈਏ ਕਿ ਸਥਾਨਕ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਇਸ ਵਾਰ ਪੰਜਾਬ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰ ਰਹੇ ਹਨ।
ਹਾਸਲ ਜਾਣਕਾਰੀ ਅਨੁਸਾਰ ਪਿਛਲੇ ਵੀਹ ਵਰ੍ਹਿਆਂ ਦੌਰਾਨ ਪੰਜਾਬ ਦਿਵਸ ਦੇ ਸਮਾਗਮਾਂ ਵਿੱਚ ਪੰਜਾਬ ਦੇ ਤਤਕਾਲੀ ਮੱਖ ਮੰਤਰੀਆਂ ਦੀ ਗ਼ੈਰ ਹਾਜ਼ਰੀ ਹੀ ਰਹੀ ਹੈ। ਦੱਸ ਦਈਏ ਕਿ 2002 ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਸ਼ਾ ਵਿਭਾਗ ਵਿੱਚ ਕਰਵਾਏ ਪੰਜਾਬ ਦਿਵਸ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਦੇ ਸਮਾਗਮਾਂ ਵਿੱਚ ਜ਼ਿਆਦਾਤਰ ਸਿੱਖਿਆ ਮੰਤਰੀ ਜਾਂ ਹੋਰ ਮੰਤਰੀ ਹੀ ਸ਼ਾਮਲ ਹੁੰਦੇ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :