ਪੰਜਾਬ ਦੇ ਅੰਗ-ਸੰਗ: ਪਾਓ ਸੱਭਿਆਚਾਰ ਨਾਲ ਸਾਂਝ 'ਏਬੀਪੀ ਸਾਂਝਾ' ਦੀ ਵਿਸ਼ੇਸ਼ ਸੀਰੀਜ਼ ਨਾਲ
ਪੰਜਾਬ ਨਾਲ ਇੱਕ ਵਾਰ ਫਿਰ ਜੱਗੋਂ ਤੇਰ੍ਹਵੀਂ ਹੋਈ ਤੇ ਪੰਜਾਬੀ ਸੂਬੇ ਦਾ 65 ਫ਼ੀਸਦੀ ਇਲਾਕਾ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ਤੇ ਸਿਰਫ਼ 35 ਫ਼ੀਸਦੀ ਇਲਾਕਾ ਪੰਜਾਬ ਨੂੰ ਦਿੱਤਾ ਗਿਆ ਸੀ। ਇਸ ਵੇਲੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦਾ ਖੇਤਰ ਪੰਜਾਬ ਤੋਂ ਵੱਖ ਕਰ ਦਿੱਤਾ ਗਿਆ।
ਪੇਸ਼ਕਸ਼: ਰਮਨਦੀਪ ਕੌਰ
ਦੇਸ਼ ਦੀ ਵੰਡ ਇੱਕ ਵਾਰ ਹੋਈ ਪਰ ਪੰਜਾਬ ਦੇ ਟੋਟੇ ਕਈ ਵਾਰ ਹੋਏ। ਸੰਨ 1947 'ਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਭਾਰਤ-ਪਾਕਿਸਤਾਨ 'ਚ ਵੰਡਿਆ ਗਿਆ। ਉਸ ਵੇਲੇ ਪੰਜ-ਆਬਾਂ ਦੀ ਧਰਤੀ ਪੰਜਾਬ ਦੇ ਦੋ ਟੋਟੇ ਹੋ ਗਏ। ਇਹ ਉਹ ਸਮਾਂ ਸੀ ਜਦੋਂ ਅੱਧੇ ਤੋਂ ਵੱਧ ਪੰਜਾਬ ਪਾਕਿਸਤਾਨ ਵੱਲ ਚਲਾ ਗਿਆ। ਦੁਨੀਆਂ 'ਚ ਦੋ ਪੰਜਾਬ, 'ਲਹਿੰਦਾ ਪੰਜਾਬ' ਪਾਕਿਸਤਾਨ ਤੇ 'ਚੜ੍ਹਦਾ ਪੰਜਾਬ' ਭਾਰਤ 'ਚ ਵੱਸ ਗਏ।
ਪੰਜਾਬ ਸੱਭਿਆਚਾਰਕ ਮੁਲਕ ਤੇ ਸੱਭਿਆਤਾਵਾਂ ਨੂੰ ਜਨਮ ਦੇਣ ਵਾਲੀ ਸਰਜ਼ਮੀਨ ਦਾ ਨਾਂ ਹੈ ਪਰ ਜਿਸ ਤਰ੍ਹਾਂ ਪੰਜਾਬ ਦੇ ਕਈ ਵਾਰ ਟੋਟੇ ਹੋਏ, ਇਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਵੱਡਾ ਦੁਖਾਂਤ ਸੀ। ਪੰਜਾਬ ਦੀ ਵੰਡ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੋਇਆ। ਇਸ ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਉਠੀ।
ਪੰਜਾਬ ਨਾਲ ਇੱਕ ਵਾਰ ਫਿਰ ਜੱਗੋਂ ਤੇਰ੍ਹਵੀਂ ਹੋਈ ਤੇ ਪੰਜਾਬੀ ਸੂਬੇ ਦਾ 65 ਫ਼ੀਸਦੀ ਇਲਾਕਾ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ਤੇ ਸਿਰਫ਼ 35 ਫ਼ੀਸਦੀ ਇਲਾਕਾ ਪੰਜਾਬ ਨੂੰ ਦਿੱਤਾ ਗਿਆ ਸੀ। ਇਸ ਵੇਲੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦਾ ਖੇਤਰ ਪੰਜਾਬ ਤੋਂ ਵੱਖ ਕਰ ਦਿੱਤਾ ਗਿਆ। ਆਖਰ ਪਹਿਲੀ ਨਵੰਬਰ, 1966 ਨੂੰ ਆਧੁਨਿਕ ਪੰਜਾਬ ਹੋਂਦ 'ਚ ਆਇਆ।
ਜਦੋਂ ਵੀ ਕਦੇ ਦੇਸ਼ 'ਤੇ ਭੀੜ ਪਈ ਤਾਂ ਪੰਜਾਬੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਬਾਹਰੋਂ ਆਏ ਹਮਲਾਵਰਾਂ ਨਾਲ ਵੀ ਪਹਿਲਾਂ ਪੰਜਾਬ ਟੱਕਰ ਲੈਂਦਾ ਰਿਹਾ ਪਰ ਇਸ ਦੇ ਬਾਵਜੂਦ ਪੰਜਾਬ ਨਾਲ ਵਾਰ-ਵਾਰ ਵਿਤਕਰਾ ਹੁੰਦਾ ਰਿਹਾ। ਖੈਰ! ਜੋ ਵੀ ਹੋਇਆ ਦੁਨੀਆਂ ਦੇ ਨਕਸ਼ੇ 'ਤੇ ਪੰਜਾਬ ਅੱਜ ਵੀ ਵਿਲੱਖਣ ਅਹਿਮੀਅਤ ਰੱਖਦਾ ਹੈ। ਬੇਸ਼ੱਕ ਉਹ ਸੱਭਿਆਚਾਰ ਹੋਵੇ, ਕਦਰਾਂ-ਕੀਮਤਾਂ ਹੋਣ, ਪੰਜਾਬੀਆਂ ਦੀ ਜੀਵਨ-ਸ਼ੈਲੀ ਸਮੇਤ ਹੋਰ ਬਹੁਤ ਕੁਝ।
'ਏਬੀਪੀ ਸਾਂਝਾ' ਸ਼ੁਰੂ ਕਰਨ ਜਾ ਰਿਹਾ ਹੈ ਖ਼ਾਸ ਸੀਰੀਜ਼ 'ਪੰਜਾਬ ਦੇ ਅੰਗ-ਸੰਗ'। ਸਾਡੀ ਕੋਸ਼ਿਸ਼ ਹੋਵੇਗੀ ਇਸ ਸੀਰੀਜ਼ 'ਚ ਅਸੀਂ ਪੰਜਾਬ ਨਾਲ ਜੁੜੀ ਹਰ ਜਾਣਕਾਰੀ ਕਦਮ ਦਰ ਕਦਮ ਸਾਂਝੀ ਕਰਦੇ ਜਾਵਾਂਗੇ। ਪਾਠਕਾਂ ਦੇ ਹੁੰਗਾਰੇ ਦੀ ਲੋੜ ਰਹੇਗੀ। ਤੁਹਾਡੇ ਸੁਝਾਅ, ਤੁਹਾਡੀ ਪ੍ਰਤੀਕਿਰਿਆ ਸਾਡੇ ਲਈ ਅਹਿਮ ਰਹੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ