ਪੰਜਾਬ ਬਣਿਆ High Risk ਜ਼ੋਨ! ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਲਰਟ ਜਾਰੀ, ਆਮ ਜਨਤਾ ਤੋਂ ਲੈ ਕੇ IAS, IPS ਅਧਿਕਾਰੀ ਵੀ ਸ਼ਿਕਾਰ, ਹੁਣ ਕੀ ਹੋਵੇਗਾ?
ਪੰਜਾਬ ਵਿੱਚ ਸਾਇਬਰ ਠੱਗੀ ਦੀਆਂ ਘਟਨਾਵਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵੱਧ ਰਹੀਆਂ ਹਨ ਅਤੇ ਹੁਣ ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਕੇਂਦਰ ਸਰਕਾਰ ਨੇ ਰਾਜ ਨੂੰ ‘ਹਾਈ ਰਿਸਕ ਜੋਨ’ ਘੋਸ਼ਿਤ ਕਰ ਦਿੱਤਾ ਹੈ। ਲੋਕਾਂ ਨੂੰ ਬੇਨਤੀ ਕੀਤੀ ਜਾ ਰਹੀ.

ਪੰਜਾਬ ਵਿੱਚ ਸਾਇਬਰ ਠੱਗੀ ਦੀਆਂ ਘਟਨਾਵਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵੱਧ ਰਹੀਆਂ ਹਨ ਅਤੇ ਹੁਣ ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਕੇਂਦਰ ਸਰਕਾਰ ਨੇ ਰਾਜ ਨੂੰ ‘ਹਾਈ ਰਿਸਕ ਜੋਨ’ ਘੋਸ਼ਿਤ ਕਰ ਦਿੱਤਾ ਹੈ। ਆਮ ਲੋਕਾਂ ਦੇ ਨਾਲ-ਨਾਲ ਉੱਚ ਅਹੁਦਿਆਂ ‘ਤੇ ਬੈਠੇ ਅਧਿਕਾਰੀ ਵੀ ਇਨ੍ਹਾਂ ਠੱਗਾਂ ਦੀ ਚਾਲਾਕੀ ਤੋਂ ਬਚ ਨਹੀਂ ਸਕੇ।
ਹਾਲ ਹੀ ਵਿੱਚ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ, ਜਿੱਥੇ ਪੰਜਾਬ ਦੇ ਇੱਕ ਸਾਬਕਾ ਆਈ.ਜੀ. ਸਾਇਬਰ ਠੱਗੀ ਦਾ ਸ਼ਿਕਾਰ ਹੋ ਗਏ। ਮਾਨਸਿਕ ਤਣਾਅ ਕਾਰਨ ਉਹ ਇੰਨੇ ਪਰੇਸ਼ਾਨ ਹੋ ਗਏ ਕਿ ਇਸ ਦੁੱਖ ਤੋਂ ਛੁਟਕਾਰਾ ਪਾਉਣ ਲਈ ਆਪਣੀ ਜਾਨ ਤੱਕ ਦੇਣ ਲਈ ਮਜਬੂਰ ਹੋ ਗਏ, ਜਿਸ ਕਰਕੇ ਉਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਸੀ। ਪਰ ਸਮੇਂ ਰਹਿੰਦੇ ਉਨ੍ਹਾਂ ਦੀ ਜਾਨ ਨੂੰ ਬਚਾਅ ਲਿਆ ਗਿਆ।
ਪਿਛਲੇ 9 ਮਹੀਨਿਆਂ ਦੌਰਾਨ ਪੰਜਾਬ ਵਿੱਚ ਕੁੱਲ 157 ਅਧਿਕਾਰੀ—ਜਿਨ੍ਹਾਂ ਵਿੱਚ IAS, IPS, PCS ਅਤੇ ਫੌਜ ਦੇ ਅਧਿਕਾਰੀ ਵੀ ਸ਼ਾਮਲ ਹਨ—ਸਾਇਬਰ ਠੱਗਾਂ ਦੇ ਜਾਲ ਵਿੱਚ ਫਸ ਚੁੱਕੇ ਹਨ। ਇਨ੍ਹਾਂ ਠੱਗੀ ਦੇ ਮਾਮਲਿਆਂ ਵਿੱਚ ਲਗਭਗ 117 ਕਰੋੜ ਰੁਪਏ ਦੀ ਰਕਮ ਗੁਆਈ ਗਈ ਹੈ। ਖਾਸ ਤੌਰ ‘ਤੇ 128 ਅਧਿਕਾਰੀ ਅਜੇਹੇ ਸਨ ਜੋ ‘ਪੈਸਾ ਦੋਗੁਣਾ ਕਰਨ’ ਦੇ ਲਾਲਚ ਵਿੱਚ ਆ ਕੇ ਠੱਗਾਂ ਦਾ ਸ਼ਿਕਾਰ ਬਣੇ।
ਠੱਗਾਂ ਨੇ ਆਪਣੀ ਚਾਲਾਕੀ ਵਿੱਚ ਕਈ ਤਰੀਕੇ ਅਪਨਾਏ। ਕਦੇ ਉਹਨਾਂ ਨੇ ਵਟਸਐਪ ‘ਤੇ ਅਧਿਕਾਰੀਆਂ ਦੀਆਂ ਤਸਵੀਰਾਂ ਆਪਣੀ ਪ੍ਰੋਫਾਈਲ ‘ਚ ਲਾ ਕੇ ਲੋਕਾਂ ਨੂੰ ਧੋਖਾ ਦਿੱਤਾ, ਤਾਂ ਕਦੇ ਵੱਡੀ ਕਮਾਈ ਦੇ ਲਾਲਚ ਵਿੱਚ ਨਿਵੇਸ਼ ਕਰਵਾ ਕੇ ਲੋਕਾਂ ਦੀ ਮਿਹਨਤ ਦੀ ਕਮਾਈ ਹੜਪ ਲਈ।
ਡਿਜ਼ਿਟਲ ਅਰੈਸਟ ਵਰਗੇ ਤਰੀਕੇ ਨਾਲ ਲੋਕਾਂ ਨੂੰ ਬਣਾਇਆ ਸ਼ਿਕਾਰ
ਹੁਣ ਠੱਗ ਡਿਜ਼ਿਟਲ ਗ੍ਰਿਫ਼ਤਾਰੀ (Digital Arrest) ਵਰਗੇ ਨਵੇਂ ਤਰੀਕੇ ਵੀ ਅਪਣਾਉਣ ਲੱਗੇ ਹਨ। ਇਸ ਵਿੱਚ ਇਹ ਲੋਕ ਆਪਣੇ ਆਪ ਨੂੰ ਕੇਂਦਰੀ ਏਜੰਸੀਆਂ ਜਾਂ ਪੁਲਿਸ ਦੇ ਵੱਡੇ ਅਧਿਕਾਰੀਆਂ ਵਜੋਂ ਪੇਸ਼ ਕਰਕੇ ਲੋਕਾਂ ਨੂੰ ਡਰਾਉਂਦੇ ਅਤੇ ਧਮਕਾਉਂਦੇ ਹਨ, ਤਾਂ ਜੋ ਉਹਨਾਂ ਤੋਂ ਪੈਸੇ ਹੜਪ ਸਕਣ। ਇਸਦੇ ਨਾਲ-ਨਾਲ ਪਾਰਟ-ਟਾਈਮ ਨੌਕਰੀਆਂ ਦੇ ਝਾਂਸੇ ਅਤੇ ਹੋਰ ਝੂਠੀਆਂ ਸਕੀਮਾਂ ਰਾਹੀਂ ਵੀ ਲੋਕਾਂ ਨੂੰ ਫਸਾ ਕੇ ਠੱਗੀ ਕੀਤੀ ਜਾ ਰਹੀ ਹੈ।
ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਨੂੰ ਸਾਇਬਰ ਅਪਰਾਧ ਲਈ ਹਾਈ ਰਿਸਕ ਜੋਨ ਘੋਸ਼ਿਤ ਕੀਤਾ ਹੈ ਅਤੇ ਰਾਜ ਸਰਕਾਰ ਨੂੰ ਸਤਰਕ ਰਹਿਣ ਲਈ ਅਲਰਟ ਭੇਜਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਸਭ ਤੋਂ ਜ਼ਰੂਰੀ ਹੈ ਕਿ ਲੋਕ ਕਿਸੇ ਵੀ ਡਿਜ਼ਿਟਲ ਲੈਣ-ਦੇਣ ਜਾਂ ਨਿਵੇਸ਼ ਤੋਂ ਪਹਿਲਾਂ ਪੂਰੀ ਸਾਵਧਾਨੀ ਬਰਤਣ ਅਤੇ ਅਣਜਾਣ ਕਾਲ ਜਾਂ ਮੈਸੇਜ ‘ਤੇ ਭਰੋਸਾ ਨਾ ਕਰਨ।






















