ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਪੰਜਾਬ ਆਬਕਾਰੀ ਨੀਤੀ ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਭ ਤੋਂ ਪਹਿਲਾਂ ਪੰਜਾਬ ਦੇ ਸੰਯੁਕਤ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਦੇ ਘਰ ਛਾਪਾ ਮਾਰਿਆ। ਉਨ੍ਹਾਂ ਦਾ ਘਰ ਪੰਚਕੂਲਾ ਦੇ ਸੈਕਟਰ 8 ਵਿੱਚ ਹੈ। ਦੇਰ ਸ਼ਾਮ ਈਡੀ ਦੇ ਅਧਿਕਾਰੀ ਗੁਪਤ ਰੂਪ ਵਿੱਚ ਚੰਡੀਗੜ੍ਹ ਸਥਿਤ ਪੰਜਾਬ ਦੇ ਆਬਕਾਰੀ ਤੇ ਕਰ ਕਮਿਸ਼ਨਰ ਵਰੁਣ ਰੂਜ਼ਮ ਦੀ ਰਿਹਾਇਸ਼ ’ਤੇ ਪੁੱਜੇ।
ਇੱਥੇ ਵੀ ਕਈ ਘੰਟੇ ਆਬਕਾਰੀ ਨੀਤੀ ਨਾਲ ਸਬੰਧਤ ਕਾਗਜ਼ਾਂ ਦੀ ਪੜਤਾਲ ਕੀਤੀ ਗਈ। ਜਿੱਥੋਂ ਈਡੀ ਨੇ ਕੁਝ ਕਾਗਜ਼ਾਤ ਵੀ ਜ਼ਬਤ ਕੀਤੇ ਹਨ। ਰੂਜ਼ਮ 2004 ਬੈਚ ਦੇ ਆਈਏਐਸ ਅਧਿਕਾਰੀ ਹਨ। ਹਾਲਾਂਕਿ ਇਸ ਮੁੱਦੇ 'ਤੇ ਅਜੇ ਤੱਕ ਕਿਸੇ ਵੱਲੋਂ ਕੋਈ ਰਸਮੀ ਬਿਆਨ ਨਹੀਂ ਆਇਆ ਹੈ।
ਪਾਲਿਸੀ ਬਣਾਉਂਦੇ ਸਮੇਂ ਦੋਵੇਂ ਅਧਿਕਾਰੀ ਦਿੱਲੀ ਵਿੱਚ ਸਨ
ਸੂਤਰਾਂ ਅਨੁਸਾਰ ਈਡੀ ਨੂੰ ਮਿਲੀ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਪੰਜਾਬ ਦੀ ਆਬਕਾਰੀ ਨੀਤੀ ਵੀ ਦਿੱਲੀ ਵਿੱਚ ਹੀ ਬਣੀ ਸੀ। ਇਸ ਦੇ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਮੀਟਿੰਗ ਹੋਈ। ਜਿਸ ਵਿੱਚ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਅਤੇ ਨਰੇਸ਼ ਦੂਬੇ ਵੀ ਸ਼ਾਮਲ ਹੋਏ। ਪੰਜਾਬ ਵਿੱਚ ‘ਆਪ’ ਸਰਕਾਰ ਨੇ ਜੂਨ ਵਿੱਚ ਆਬਕਾਰੀ ਨੀਤੀ ਦਾ ਐਲਾਨ ਕੀਤਾ ਸੀ।
ਸਿਰਸਾ ਨੇ ਸੀਬੀਆਈ ਅਤੇ ਈਡੀ ਨੂੰ ਸ਼ਿਕਾਇਤ ਕੀਤੀ ਸੀ
ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਪੰਜਾਬ ਦੀ ਆਬਕਾਰੀ ਨੀਤੀ ਨੂੰ ਦਿੱਲੀ ਦੀ ਨੀਤੀ ਨਾਲ ਜੋੜਨ ਦੀ ਸ਼ਿਕਾਇਤ ਸੀਬੀਆਈ ਅਤੇ ਈਡੀ ਨੂੰ ਕੀਤੀ ਸੀ। ਜੂਨ ਵਿੱਚ ਦਿੱਤੀ ਸ਼ਿਕਾਇਤ ਵਿੱਚ ਸਿਰਸਾ ਨੇ ਕਿਹਾ ਕਿ ਪਾਲਿਸੀ ਰਾਹੀਂ ਪੰਜਾਬ ਵਿੱਚ ਦੋ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਗਿਆ। ਇਨ੍ਹਾਂ ਕੰਪਨੀਆਂ ਨੂੰ ਦਿੱਲੀ ਵਿੱਚ ਪਹਿਲਾਂ ਹੀ ਲਾਇਸੈਂਸ ਮਿਲ ਚੁੱਕੇ ਸਨ।
ਅਕਾਲੀ ਦਲ ਤੇ ਕਾਂਗਰਸ ਨੇ ਵੀ ਰਾਜਪਾਲ ਨਾਲ ਮੁਲਾਕਾਤ ਕੀਤੀ
ਪੰਜਾਬ ਦੀ ਆਬਕਾਰੀ ਨੀਤੀ ਵਿੱਚ ਹੋਏ ਘਪਲੇ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਨੇ ਰਾਜਪਾਲ ਨੂੰ ਸ਼ਿਕਾਇਤ ਵੀ ਕੀਤੀ ਹੈ। ਉਨ੍ਹਾਂ ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਇਸ 'ਤੇ 500 ਕਰੋੜ ਦੇ ਘੁਟਾਲੇ ਦਾ ਦੋਸ਼ ਲਾਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ