ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੇਂਦਰ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਦੇਸ਼-ਭਰ ਦੀਆਂ ਕਰੀਬ 500 ਕਿਸਾਨ-ਜਥੇਬੰਦੀਆਂ ਦਾ ਸਾਂਝਾ ਕਿਸਾਨ ਮੋਰਚਾ ਮੋਦੀ-ਸਰਕਾਰ ਦੀ ਅੜ ਭੰਨਣ ਦੇ ਰੌਂਅ 'ਚ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਮੋਦੀ ਹੁਣ ਦੇਸ਼ ਭਰ ਦੇ ਕਿਸਾਨਾਂ ਦੇ 'ਮਨ ਕੀ ਬਾਤ' ਸੁਣੇ । ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਅੜਿੱਕਾ ਨਾ ਬਣੇ, ਉਹ ਦਿੱਲੀ ਹਰ ਹੀਲੇ ਜਾਣਗੇ।


ਪੰਜਾਬ ਭਰ ਦੇ ਲੱਖਾਂ ਕਿਸਾਨ ਹਲਕੀ ਬਰਸਾਤ ਅਤੇ ਠੰਢ ਦੇ ਮੌਸਮ ਦੇ ਬਾਵਜੂਦ ਜ਼ੋਸ਼ ਨਾਲ ਦਿੱਲੀ ਜਾਣ ਲਈ ਪੱਬਾਂ ਭਾਰ ਹਨ। ਟਰਾਲੀਆਂ ਨੂੰ ਵਾਟਰ-ਪਰੂਫ ਤਿਆਰ ਕਰਦਿਆਂ ਸਪੀਕਰ ਫਿੱਟ ਕੀਤੇ ਹੋਏ ਹਨ। ਇਸ ਤੋਂ ਇਲਾਵਾ ਰਾਸ਼ਨ, ਬਾਲਣ, ਬਰਤਨ, ਕੰਬਲਾਂ, ਤਰਪਾਲਾਂ ਅਤੇ ਹੋਰ ਜ਼ਰੂਰੀ ਵਸਤਾਂ ਦੇ ਪ੍ਰਬੰਧ ਵੀ ਲੋੜ ਅਨੁਸਾਰ ਪੂਰੇ ਕੀਤੇ ਜਾ ਚੁੱਕੇ ਹਨ। ਦੋ ਮਹੀਨਿਆਂ ਦਾ ਰਾਸ਼ਨ ਅਤੇ ਹਰ ਜ਼ਰੂਰਤ ਦਾ ਸਮਾਨ ਪੂਰਾ ਕਰਦਿਆਂ ਕਾਫ਼ਲੇ ਚਾਲੇ ਪਾਉਣ ਲਈ ਤਿਆਰ ਹਨ।


ਪੰਜਾਬ ਦੇ ਹਰਿਆਣਾ ਤੋਂ ਦੂਰ ਵਾਲੇ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਕਾਫ਼ਲੇ ਇੱਕ ਦਿਨ ਪਹਿਲਾਂ ਹੀ ਰਵਾਨਾ ਹੋ ਕੇ ਵੱਖ-ਵੱਖ ਰਸਤਿਓਂ ਹਰਿਆਣਾ ਦੀਆਂ ਹੱਦਾਂ ਦੇ ਨਜ਼ਦੀਕ ਪਹੁੰਚ ਗਏ ਹਨ। ਕਿਸਾਨਾਂ ਨੇ ਦੋ ਟੁੱਕ ਸੁਣਾਈ ਕਿ ਜੇਕਰ ਰਾਹ 'ਚ ਉਨ੍ਹਾਂ ਨਾਲ ਮੱਥਾ ਲਾਇਆ ਗਿਆ ਤਾਂ ਉੱਥੇ ਹੀ 'ਡੇਰਾ ਡਾਲੋ-ਘੇਰਾ ਡਾਲੋ' ਦੇ ਸੱਦੇ ਤਹਿਤ ਅਣਮਿੱਥੇ ਸਮੇਂ ਲਈ ਮੋਰਚੇ ਲਾ ਦੇਣਗੇ। ਪੰਜਾਬ ਦੀਆਂ 30-ਕਿਸਾਨ ਜਥੇਬੰਦੀਆਂ ਨੇ ਅੰਦੋਲਨ ਦੇ 56ਵੇਂ ਦਿਨ 26-27 ਨਵੰਬਰ ਤੋਂ ਦਿੱਲੀ-ਚੱਲੋ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਪੂਰਾ ਜ਼ੋਰ ਲਾਇਆ।


ਜਥੇਬੰਦੀਆਂ ਵੱਲੋਂ ਪਿੰਡਾਂ 'ਚ ਘਰੋਂ-ਘਰੀਂ ਸੱਦਾ ਦਿੱਤਾ ਗਿਆ ਕਿ ਹਰ ਘਰ 'ਚੋਂ ਘੱਟੋ-ਘੱਟ ਇੱਕ ਮੈਂਬਰ ਜਰੂਰ ਕਿਸਾਨ-ਅੰਦੋਲਨ 'ਚ ਸ਼ਾਮਲ ਹੋਵੇ। ਖੱਟਰ ਸਰਕਾਰ ਵੱਲੋਂ ਹਰਿਆਣੇ ਦੀਆਂ ਸਰਹੱਦਾਂ-ਸੀਲ ਕਰਨ, ਹਰਿਆਣਾ ਦੇ 80 ਦੇ ਕਰੀਬ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ, ਸੜਕਾਂ 'ਤੇ ਉੱਤਰੇ ਕਿਸਾਨਾਂ 'ਤੇ ਪਾਣੀ ਦੀਆਂ ਵਾਛੜਾਂ ਮਾਰਨ ਅਤੇ ਕਿਸਾਨ-ਅੰਦੋਲਨ ਨੂੰ ਜ਼ਬਰ ਨਾਲ ਦਬਾਉਣ ਦੀਆਂ ਚਾਲਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਵੱਲੋਂ ਕਰੀਬ 50 ਥਾਵਾਂ 'ਤੇ ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟਰ ਦੇ ਪੁਤਲੇ ਫੂਕੇ ਗਏ।


ਕਿਸਾਨ-ਲੀਡਰਾਂ ਨੇ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਖਾਹਮਖਾਹ ਕਿਸਾਨਾਂ ਦੇ ਰਾਹ 'ਚ ਅੜਿੱਕਾ ਬਣ ਰਹੀ ਹੈ। ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਗੈਰ-ਜਮਹੂਰੀ ਹੈ। ਪੰਜਾਬ ਦੇ ਕਿਸਾਨ ਬੜੀ ਸੂਝ-ਬੂਝ ਵਰਤ ਰਹੇ ਹਨ, ਪਰ ਹਰਿਆਣਾ ਸਰਕਾਰ ਖ਼ੁਦ ਹੀ ਹਰਿਆਣੇ ਦੀ ਨਾਕੇਬੰਦੀ ਕਰ ਰਹੀ ਹੈ। ਕਿਸਾਨ ਲੀਡਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਅੰਦੋਲਨ-ਸ਼ਾਂਤਮਈ ਰੱਖਣ ਦੀ ਅਪੀਲ ਕੀਤੀ ਹੈ।


ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ