Sports University in Punjab: ਕੈਪਟਨ ਵਲੋਂ ਖੇਡ ਯੂਨੀਵਰਸਿਟੀ ਦੇ ਪਹਿਲੇ ਪੜਾਅ ਦੀ ਉਸਾਰੀ ਲਈ 60 ਕਰੋੜ ਰੁਪਏ ਜਾਰੀ
ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ.ਚੀਮਾ ਨੇ ਮੀਟਿੰਗ ਵਿੱਚ ਦੱਸਿਆ ਕਿ ਪਟਿਆਲਾ-ਭਾਦਸੋਂ ਰੋਡ 'ਤੇ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਮੌਜੂਦਾ ਸਮੇਂ ਪੂਰੇ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਕੈਂਪਸ 100 ਏਕੜ ਦੇ ਕਰੀਬ ਰਕਬੇ ਵਿੱਚ ਫੈਲਿਆ ਹੋਇਆ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਿਟੀ, ਪਟਿਆਲਾ ਕੈਂਪਸ ਦੀ ਪਹਿਲੇ ਪੜਾਅ ਦੀ ਉਸਾਰੀ ਲਈ ਮਨਜ਼ੂਰ ਕੀਤੀ 60 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਉਨ੍ਹਾਂ ਵਿੱਤ ਵਿਭਾਗ ਨੂੰ ਇਸ ਵੱਕਾਰੀ ਸੰਸਥਾ ਲਈ ਇਸ ਸਾਲ ਦੇ ਬਜਟ ਵਿੱਚ ਐਲਾਨੀ ਰਾਸ਼ੀ ਵਧਾਉਣ ਲਈ ਵੀ ਆਖਦਿਆਂ ਕਿਹਾ ਕਿ ਯੂਨੀਵਰਸਿਟੀ ਲਈ ਅਲਾਟ ਕੀਤੇ 15 ਕਰੋੜ ਰੁਪਏ ਬਹੁਤ ਘੱਟ ਹਨ।
ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਦੀ ਪ੍ਰਗਤੀ ਦੀ ਵਰਚੁਅਲ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਵੀ ਆਖਿਆ ਕਿ ਕੈਂਪਸ ਦੀ ਉਸਾਰੀ ਲਈ ਇੱਕ ਚੀਫ ਇੰਜਨੀਅਰ ਦੀ ਡਿਊਟੀ ਲਗਾਉਂਦਿਆਂ ਉਸ ਨੂੰ ਕਿਸੇ ਚੰਗੇ ਬਾਹਰੀ ਕੰਸਲਟੈਂਟ ਨਾਲ ਵਿਚਾਰ ਵਟਾਂਦਰਾ ਕਰਕੇ ਪ੍ਰਾਜੈਕਟ ਨੂੰ ਤੇਜ਼ੀ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਯੂਨੀਵਰਸਿਟੀ ਦੇ ਕੰਮ ਵਿੱਚ ਤੇਜ਼ੀ ਲਿਆਉ ਲਈ ਲੋਕ ਨਿਰਮਾਣ ਵਿਭਾਗ ਨਾਲ ਤਾਲਮੇਲ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾਉਣ ਲਈ ਵੀ ਕਿਹਾ। ਖੇਡ ਯੂਨੀਵਰਸਿਟੀ 2019 ਤੋਂ ਕਿਸੇ ਹੋਰ ਕੈਂਪਸ ਤੋਂ ਕੰਮ ਕਰ ਰਹੀ ਹੈ।
ਖੇਡ ਯੂਨੀਵਰਸਿਟੀ ਲਈ ਵਿਸ਼ਵ ਪੱਧਰੀ ਪਾਠਕ੍ਰਮ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨੇ ਬਰਤਾਨੀਆ ਦੀ ਲਫਬਰੌਫ ਯੂਨੀਵਰਸਿਟੀ ਨਾਲ ਸੰਸਥਾਗਤ ਸਹਿਯੋਗ ਬਣਾਉਣ ਲਈ ਆਪਸੀ ਸਹਿਮਤੀ ਦੇ ਸਮਝੌਤੇ (ਐਮ.ਓ.ਯੂ.) ਦੇ ਖਰੜੇ ਨੂੰ ਵੀ ਪ੍ਰਵਾਨਗੀ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਨੂੰ ਖੇਡ ਧੁਰੇ ਵਜੋਂ ਵਿਕਸਤ ਹੁੰਦਾ ਦੇਖਣਾ ਚਾਹੁੰਦੇ ਹਨ। ਉਨ੍ਹਾਂ ਵਿਭਾਗ ਨੂੰ ਕੈਂਪਸ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੀ ਮਹੱਤਵਪੂਰਨ ਯੋਜਨਾ ਵਜੋਂ ਖੇਡ ਸਾਇੰਸ, ਖੇਡ ਤਕਨਾਲੋਜੀ, ਖੇਡ ਪ੍ਰਬੰਧਨ ਅਤੇ ਖੇਡ ਕੋਚਿੰਗ ਦੇ ਖੇਤਰ ਵਿੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਇਸ ਵੱਕਾਰੀ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ 25 ਅਕਤੂਬਰ, 2020 ਨੂੰ ਰੱਖਿਆ ਸੀ।
ਯੂਨੀਵਰਸਿਟੀ ਖੋਜ ਅਤੇ ਪਸਾਰ ਲਈ ਸਾਰੀਆਂ ਖੇਡਾਂ ਦੇ ਉਘੇ ਅਤੇ ਹੁਨਰਮੰਦ ਖਿਡਾਰੀਆਂ ਲਈ ਸੈਂਟਰ ਆਫ ਐਕਸੀਲੈਂਸ ਵਜੋਂ ਵੀ ਕੰਮ ਕਰੇਗੀ। ਇਹ ਖੇਡਾਂ ਦੀ ਤਕਨਾਲੋਜੀ ਦੇ ਖੇਤਰ ਅਤੇ ਸਾਰੀਆਂ ਖੇਡਾਂ ਲਈ ਉਚ ਪ੍ਰਦਰਸ਼ਨ ਸਿਖਲਾਈ ਵਿੱਚ ਵੱਖ-ਵੱਖ ਪੱਧਰਾਂ 'ਤੇ ਗਿਆਨ ਦੇ ਹੁਨਰ ਅਤੇ ਯੋਗਤਾਵਾਂ ਦੇ ਵਿਕਾਸ ਲਈ ਸਮਰੱਥਾ ਪੈਦਾ ਕਰੇਗੀ।
ਇਹ ਵੀ ਪੜ੍ਹੋ: Illegal Health Center: ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਸਿਹਤ ਸੈਂਟਰ ਦਾ ਖੁਲਾਸਾ, ਪੁਲਿਸ ਨੇ ਕੀਤੀ ਕਾਰਵਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin