ਚੰਡੀਗੜ੍ਹ: ਲੰਮੇ ਸਮੇਂ ਤੋਂ ਸਰਕਾਰ ਦੀ ਆਲੋਚਨਾ ਤੇ ਖਿਡਾਰੀਆਂ ਦੀ ਨਿਮੋਸ਼ੀ ਦਾ ਕਾਰਨ ਬਣੀ ਪੰਜਾਬ ਖੇਡ ਨੀਤੀ ਨੂੰ ਬੁੱਧਵਾਰ ਨੂੰ ਹੋਈ ਕੈਬਨਿਟ ਬੈਠਕ ਦੌਰਾਨ ਸੋਧ ਦਿੱਤਾ ਗਿਆ ਹੈ। ਹੁਣ ਪੰਜਾਬ ਦੇ ਖਿਡਾਰੀਆਂ ਨੂੰ ਵੀ ਦੇਸ਼ ਦੇ ਹੋਰ ਸੂਬਿਆਂ ਦੀ ਤਰਜ਼ 'ਤੇ ਕਰੋੜਾਂ ਦੇ ਇਨਾਮ ਮਿਲਣਗੇ। ਹਾਲਾਂਕਿ, ਵਧਾਈ ਇਨਾਮੀ ਰਾਸ਼ੀ ਦੇ ਬਾਵਜੂਦ ਪੰਜਾਬ ਹਾਲੇ ਵੀ ਹਰਿਆਣਾ ਨਾਲੋਂ ਪਿੱਛੇ ਹੈ।

ਕੈਪਟਨ ਸਰਕਾਰ ਨੇ ਖੇਡ ਨੀਤੀ ਸੋਧਦਿਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀ ਨੂੰ 26 ਲੱਖ ਦੀ ਥਾਂ ਇੱਕ ਕਰੋੜ ਦਾ ਇਨਾਮ ਦਿੱਤਾ ਜਾਵੇਗਾ। ਇਨ੍ਹਾਂ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਨੂੰ 16 ਲੱਖ ਦੀ ਥਾਂ 75 ਲੱਖ ਤੇ ਕਾਂਸੀ ਜਿੱਤਣ ਵਾਲੇ ਖਿਡਾਰੀ ਨੂੰ 11 ਲੱਖ ਦੀ ਬਜਾਏ 50 ਲੱਖ ਦਾ ਇਨਾਮ ਦਿੱਤਾ ਜਾਵੇਗਾ।

ਇਸੇ ਤਰ੍ਹਾਂ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀ ਨੂੰ ਇਨਾਮੀ ਰਕਮ ਸਵਾ ਦੋ ਕਰੋੜ ਹੀ ਰਹੇਗੀ। ਹੁਣ ਓਲੰਪਿਕ ਦੇ ਸਿਲਵਰ ਮੈਡਲ ਜੇਤੂ ਖਿਡਾਰੀ ਨੂੰ ਇੱਕ ਕਰੋੜ ਦੀ ਬਜਾਏ ਡੇਢ ਕਰੋੜ ਤੇ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਖਿਡਾਰੀ ਨੂੰ 51 ਲੱਖ ਦੀ ਬਜਾਏ ਇੱਕ ਕਰੋੜ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ।

ਰਾਸ਼ਟਰਮੰਡਲ ਖੇਡਾਂ ਵਿੱਚ ਵੀ ਤਗ਼ਮਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਇਨਾਮੀ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਕਾਮਨਵੈਲਥ ਗੋਲਡ ਮੈਡਲ ਜੇਤੂ ਖਿਡਾਰੀ ਨੂੰ 16 ਲੱਖ ਤੋਂ ਵਧਾ ਕੇ 75 ਲੱਖ ਦਾ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਖੇਡਾਰੀ ਨੂੰ 11 ਲੱਖ ਦੀ ਬਜਾਏ 50 ਲੱਖ ਤੇ ਬ੍ਰੌਂਜ਼ ਮੈਡਲ ਜਿੱਤਣ ਵਾਲੇ ਨੂੰ ਛੇ ਲੱਖ ਦੀ ਬਜਾਏ 40 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।