ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਨਰਮ ਪਈ ਸਰਕਾਰ, ਅੱਜ ਹੋਏਗੀ ਅਹਿਮ ਮੀਟਿੰਗ
ਕਿਸਾਨਾਂ ਵੱਲੋਂ ਲਾਏ ਗਏ ਧਰਨੇ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਵਿਤ ਹੋ ਰਹੀ ਹੈ। ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਪੰਜਾਬ ਸਰਕਾਰ ਮਸਲਾ ਹੱਲ ਕਰਨ ਲਈ ਸਰਗਰਮ ਹੋਈ ਹੈ।
ਚੰਡੀਗੜ੍ਹ: ਗੰਨੇ ਦੇ ਭਾਅ ਤੇ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦੇ ਧਰਨੇ ਮਗਰੋਂ ਪੰਜਾਬ ਸਰਕਾਰ ਨਰਮ ਪਈ ਹੈ। ਸਰਕਾਰ ਨੇ ਕਿਸਾਨ ਧਰਨੇ ਨੂੰ ਸਮਾਪਤ ਕਰਾਉਣ ਲਈ ਅੱਜ ਪੰਜਾਬ ਭਵਨ ਵਿੱਚ ਮੀਟਿੰਗ ਸੱਦੀ ਹੈ। ਉਧਰ, ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਵਿੱਚੋਂ ਕੋਈ ਹੱਲ ਨਾ ਨਿਕਲਿਆ ਤਾਂ 24 ਅਗਸਤ ਨੂੰ ਪੰਜਾਬ ਦੇ ਟੌਲ ਪਲਾਜ਼ਿਆਂ ’ਤੇ ਜਾਮ ਲਾ ਕੇ ਸਮੁੱਚੇ ਸੂਬੇ ਨੂੰ ਬੰਦ ਕਰ ਦਿੱਤਾ ਜਾਵੇਗਾ।
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਸਬੰਧੀ ਪਿਛਲੇ ਤਿੰਨ ਦਿਨਾਂ ਤੋਂ ਕੌਮੀ ਮਾਰਗ ਤੇ ਜਲੰਧਰ-ਦਿੱਲੀ ਰੇਲਵੇ ਮਾਰਗ ’ਤੇ ਧਰਨਾ ਲਾਇਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਸਪੱਸ਼ਟ ਕੀਤਾ ਕਿ ਅੱਜ ਰੱਖੜੀ ਵਾਲੇ ਦਿਨ ਵੀ ਜਾਮ ਜਾਰੀ ਰਹੇਗਾ, ਹਾਲਾਂਕਿ ਕੁਝ ਕਿਸਾਨ ਆਗੂ ਇਸ ਗੱਲ ਦੇ ਹੱਕ ਵਿੱਚ ਸਨ ਕਿ ਰੱਖੜੀ ਵਾਲੇ ਦਿਨ ਢਿੱਲ ਦਿੱਤੀ ਜਾਵੇ।
ਕਿਸਾਨਾਂ ਵੱਲੋਂ ਲਾਏ ਗਏ ਧਰਨੇ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਵਿਤ ਹੋ ਰਹੀ ਹੈ। ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਪੰਜਾਬ ਸਰਕਾਰ ਮਸਲਾ ਹੱਲ ਕਰਨ ਲਈ ਸਰਗਰਮ ਹੋਈ ਹੈ। ਇਸ ਲਈ ਅੱਜ ਚੰਡੀਗੜ੍ਹ ਵਿੱਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ। ਇਹ ਮੀਟਿੰਗ ਅੱਜ ਦੁਪਹਿਰ 12 ਵਜੇ ਪੰਜਾਬ ਭਵਨ ਚੰਡੀਗੜ੍ਹ ਵਿੱਚ ਹੋਵੇਗੀ, ਜਿਸ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਕਰਨਗੇ। ਉਨ੍ਹਾਂ ਨਾਲ ਏਸੀਐੱਸ (ਵਿਕਾਸ) ਅਨਿਰੁਧ ਤਿਵਾੜੀ, ਗੰਨਾ ਕਮਿਸ਼ਨਰ ਤੇ ਡਾਇਰੈਕਟਰ ਖੇਤੀਬਾੜੀ ਵੀ ਮੌਜੂਦ ਹੋਣਗੇ।
ਉਧਰ, ਸ਼ਨੀਵਾਰ ਨੂੰ ਗੰਨਾ ਕਾਸ਼ਤਕਾਰਾਂ ਵੱਲੋਂ ਜਲੰਧਰ ਵਿੱਚ ਰੇਲਵੇ ਲਾਈਨ ’ਤੇ ਲਾਏ ਗਏ ਧਰਨੇ ਕਾਰਨ ਫ਼ਿਰੋਜ਼ਪੁਰ ਡਿਵੀਜ਼ਨ ਅੰਦਰ 107 ਰੇਲਾਂ ਪ੍ਰਭਾਵਿਤ ਹੋਈਆਂ। ਰੇਲ ਅਧਿਕਾਰੀਆਂ ਨੇ ਮੁਤਾਬਕ ਧਰਨੇ ਕਾਰਨ ਕਰੀਬ 50 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ, 18 ਰੇਲ ਗੱਡੀਆਂ ਦੇ ਰੂਟ ਬਦਲੇ ਗਏ, 36 ਰੇਲ ਗੱਡੀਆਂ ਵੱਖ-ਵੱਖ ਸਟੇਸ਼ਨਾਂ ’ਤੇ ਰੋਕੀਆਂ ਗਈਆਂ ਤੇ 3 ਰੇਲ ਗੱਡੀਆਂ ਦੇ ਸਮੇਂ ਵਿੱਚ ਬਦਲਾਅ ਕਰਨਾ ਪਿਆ।
ਇਸੇ ਤਰ੍ਹਾਂ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਕਾਰਨ ਅੰਬਾਲਾ ਛਾਉਣੀ ਬੱਸ ਅੱਡੇ ਤੋਂ ਅੰਮ੍ਰਿਤਸਰ ਜਾਣ ਵਾਲੀਆਂ ਬੱਸਾਂ ਰੱਦ ਕਰ ਦਿੱਤੀਆਂ ਗਈਆਂ। ਅੱਡਾ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਪੰਜਾਬ ਵਿੱਚ ਕਿਸਾਨਾਂ ਦੇ ਅੰਦੋਲਨ ਕਾਰਨ ਅੰਮ੍ਰਿਤਸਰ, ਜੰਮੂ ਤੇ ਪਠਾਨਕੋਟ ਲਈ ਬੱਸਾਂ ਨਹੀਂ ਚੱਲਣਗੀਆਂ। ਇਸੇ ਤਰ੍ਹਾਂ ਪੰਜਾਬ ਜਾਣ ਵਾਲੇ ਰੇਲ ਯਾਤਰੀਆਂ ਨੂੰ ਵੀ ਨਿਰਾਸ਼ ਹੋਣਾ ਪਿਆ।