ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ 8.5 ਲੱਖ ਕਿਸਾਨ ਪਰਿਵਾਰਾਂ ਨੂੰ ਮਿਲੇਗਾ ਲਾਭ
ਸਾਰੇ ਕਿਸਾਨਾਂ ਦੇ ਪੂਰੇ ਬੀਮੇ ਦੀ ਰਕਮ ਦਾ ਭੁਗਤਾਨ ਮੰਡੀ ਬੋਰਡ ਵੱਲੋਂ ਕੀਤਾ ਜਾਵੇਗਾ। ਕਿਸਾਨ 5 ਲੱਖ ਰੁਪਏ ਤੱਕ ਦਾ ਨਕਦ ਰਹਿਤ (ਕੈਸ਼ਲੈੱਸ) ਇਲਾਜ ਕਰਵਾ ਸਕਣਗੇ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡਾ ਫੈਸਲਾ ਲਿਆ ਹੈ। ਸਾਲ 2021-22 ਲਈ 8.50 ਲੱਖ ਕਿਸਾਨ ਪਰਿਵਾਰਾਂ ਨੂੰ ਆਯੁਸ਼ਮਾਨ ਭਾਰਤ ਬੀਮਾ ਯੋਜਨਾ ਨਾਲ ਜੋੜਨ ਦਾ ਫੈਸਲਾ ਕੀਤਾ ਗਿਆ ਹੈ। ਜੇ-ਫਾਰਮ ਤੇ ਗੰਨਾ ਤੋਲਣ ਵਾਲੀ ਪਰਚੀ ਵਾਲੇ ਸਾਰੇ ਕਿਸਾਨ ਇਸ ਸਿਹਤ ਯੋਜਨਾ ਲਈ ਅਰਜ਼ੀ ਦੇ ਸਕਣਗੇ। ਸਰਕਾਰ ਨੇ ਅਰਜ਼ੀਆਂ ਲਈ ਵਿਸ਼ੇਸ਼ ਪੋਰਟਲ ਸ਼ੁਰੂ ਕੀਤਾ ਹੈ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਸਰਕਾਰ ਦੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਰੇ ਕਿਸਾਨਾਂ ਦੇ ਪੂਰੇ ਬੀਮੇ ਦੀ ਰਕਮ ਦਾ ਭੁਗਤਾਨ ਮੰਡੀ ਬੋਰਡ ਵੱਲੋਂ ਕੀਤਾ ਜਾਵੇਗਾ। ਕਿਸਾਨ 5 ਲੱਖ ਰੁਪਏ ਤੱਕ ਦਾ ਨਕਦ ਰਹਿਤ (ਕੈਸ਼ਲੈੱਸ) ਇਲਾਜ ਕਰਵਾ ਸਕਣਗੇ। ਇਹ ਸਾਰੇ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ 20 ਅਗਸਤ, 2021 ਤੋਂ ਸਿਹਤ ਸਹੂਲਤਾਂ ਦੇ ਲਾਭ ਪ੍ਰਾਪਤ ਕਰਨਾ ਸ਼ੁਰੂ ਕਰ ਦੇਣਗੇ। ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਇਸ ਵਿੱਚ 7.91 ਲੱਖ ਕਿਸਾਨ ਮੰਡੀ ਬੋਰਡ ਕੋਲ 'ਜੇ' ਫਾਰਮ ਨਾਲ ਰਜਿਸਟਰਡ ਹਨ, ਜਦੋਂਕਿ 55,000 ਗੰਨਾ ਉਤਪਾਦਕ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ‘ਸਰਬੱਤ ਸਿਹਤ ਬੀਮਾ ਯੋਜਨਾ’ ਅਧੀਨ ਰਜਿਸਟਰ ਹੋਏ ਇਨ੍ਹਾਂ 5.01 ਲੱਖ ਕਿਸਾਨਾਂ ਨੂੰ ਪੋਰਟਲ 'ਤੇ ਦੁਬਾਰਾ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਪਹਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਅਗਲੇ ਸਾਲ ਲਈ ਸਿਹਤ ਸਹੂਲਤਾਂ ਦਾ ਲਾਭ ਮਿਲੇਗਾ, ਜਦੋਂ ਕਿ ਲਗਪਗ 3.5 ਲੱਖ ਕਿਸਾਨ ਅਤੇ ਗੰਨਾ ਉਤਪਾਦਕ, ਜਿਨ੍ਹਾਂ ਨੇ 1 ਅਕਤੂਬਰ, 2020 ਤੋਂ ਬਾਅਦ 'ਜੇ' ਫਾਰਮ ਅਤੇ ਗੰਨੇ ਦੀ ਤੋਲ ਪਰਚੀ ਵਜੋਂ ਰਜਿਸਟਰਡ ਕੀਤਾ ਹੈ, ਨੂੰ ਪੋਰਟਲ 'ਤੇ ਸਿਹਤ ਬੀਮਾ ਯੋਜਨਾ ਲਈ ਅਰਜ਼ੀ ਦੇਣੀ ਪਵੇਗੀ। ਲਾਲ ਸਿੰਘ ਨੇ ਕਿਹਾ ਕਿ ਮਾਰਕਿਟ ਕਮੇਟੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਇਸ ਦਾ ਲਾਭ ਲੈਣ ਦੀ ਲੋੜ ਪੈਣ 'ਤੇ ਕਿਸਾਨਾਂ ਦੀ ਮਦਦ ਕੀਤੀ ਜਾਵੇ।
ਇਹ ਮੈਂਬਰਾਂ ਨੂੰ ਮਿਲੇਗਾ ਲਾਭ
ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਕਿ ਪਰਿਵਾਰ ਦੇ ਮੁਖੀ ਤੋਂ ਇਲਾਵਾ ਪਤੀ, ਪਤਨੀ, ਪਿਤਾ, ਮਾਂ, ਅਣਵਿਆਹੇ ਬੱਚੇ, ਤਲਾਕਸ਼ੁਦਾ ਧੀ ਅਤੇ ਉਸ ਦੇ ਨਾਬਾਲਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਗ ਬੱਚੇ ਇਸ ਸਕੀਮ ਦੇ ਯੋਗ ਮੰਨੇ ਜਾਣਗੇ। ਯੋਜਨਾ ਬਾਰੇ ਜਾਣਕਾਰੀ ਲਈ, ਟੋਲ ਫ਼੍ਰੀ ਨੰਬਰ 104 ਉੱਤੇ ਫ਼ੋਨ ਕੀਤਾ ਜਾ ਸਕਦਾ ਹੈ ਜਾਂ ਮੰਡੀ ਬੋਰਡ ਦੀ ਵੈਬਸਾਈਟ www.mandiboard.nic.in ਵੇਖਿਆ ਜਾ ਸਕਦਾ ਹੈ।
1579 ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ
ਕਿਸਾਨ ਸਿਹਤ ਬੀਮਾ ਯੋਜਨਾ ਦੇ ਤਹਿਤ, 642 ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਅਤੇ 208 ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾ ਸਕਦਾ ਹੈ, ਜਿੱਥੇ ਉਨ੍ਹਾਂ ਨੂੰ 1579 ਬਿਮਾਰੀਆਂ ਜਿਵੇਂ ਕਿ ਦਿਲ ਦੇ ਆਪਰੇਸ਼ਨ, ਕੈਂਸਰ ਦਾ ਇਲਾਜ, ਜੋੜਾਂ ਦੇ ਬਦਲਣ ਤੇ ਦੁਰਘਟਨਾ ਦੇ ਕੇਸਾਂ ਵਰਗੇ ਮੁੱਖ ਸਰਜੀਕਲ ਇਲਾਜਾਂ ਦਾ ਇਲਾਜ ਮਿਲੇਗਾ।