ਚੰਡੀਗੜ੍ਹ: ਪੰਜਾਬ ਦੇ ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਵੱਲੋਂ ਅੱਜ ਲਖਨਊ ਵਿਖੇ ਲਖੀਮਪੁਰ ਖੀਰੀ ਦੀ ਘਟਨਾ ਦੌਰਾਨ ਮਾਰੇ ਗਏ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ 50-50 ਲੱਖ ਦੇ ਚੈੱਕ ਪ੍ਰਦਾਨ ਕੀਤੇ ਗਏ। ਰਣਦੀਪ ਨਾਭਾ ਨੇ ਇਸ ਹੱਤਿਆ ਕਾਂਡ ਦੇ ਦੋਸ਼ੀਆਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਮਾਂਬੱਧ ਜਾਂਚ ਕਰਨ ਦੀ ਮੰਗ ਕੀਤੀ ਤਾਂ ਜੋ ਅਸਲ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਖ਼ਤ ਸਜ਼ਾ ਮਿਲੇ ਅਤੇ ਪੀੜਤਾਂ ਨੂੰ ਜਲਦ ਇਨਸਾਫ਼ ਮਿਲੇ।
ਯੂਪੀ ਸਰਕਾਰ ਨੇ ਇਸ ਘਟਨਾ ਮਗਰੋਂ ਛੇ IPS ਅਫ਼ਸਰਾਂ ਦੇ ਤਬਾਦਲੇ ਕੀਤੇ ਸੀ। ਇਨ੍ਹਾਂ 'ਚ ਸਭ ਤੋਂ ਅਹਿਮ ਨਾਂ DIG ਉਪੇਂਦਰ ਅਗਰਵਾਲ ਦਾ ਹੈ। ਉਹ ਲਖੀਮਪੁਰ ਹਿੰਸਾ ਦੀ ਜਾਂਚ ਕਰ ਰਹੀ ਟੀਮ ਦੇ ਮੁਖੀ ਸਨ। ਉਨ੍ਹਾਂ ਹਿੰਸਾ ਦੇ ਮੁੱਖ ਮੁਲਜ਼ਮ ਤੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਨੂੰ ਗ੍ਰਿਫਤਾਰ ਕੀਤਾ ਸੀ। ਲਖੀਮਪੁਰ IG ਰੇਂਜ ਲਖਨਊ 'ਚ ਆਉਂਦਾ ਹੈ। ਹੁਣ ਉਨ੍ਹਾਂ ਨੂੰ ਇੱਥੋਂ ਹਟਾ ਕੇ ਦੇਵੀਪਾਟਨ ਮੰਡਲ ਦਾ DIG ਬਣਾਇਆ ਗਿਆ ਹੈ।ਕਿਹਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਕਾਂਡ ਦੀ ਜਾਂਚ 'ਚ ਦੇਰੀ 'ਤੇ UP ਸਰਕਾਰ ਨੂੰ ਫਿਟਕਾਰ ਲਾਈ ਸੀ। ਜਾਂਚ ਦੀ ਜਿੰਮੇਵਾਰੀ ਉਪੇਂਦਰ ਅਗਰਵਾਲ 'ਤੇ ਸੀ। ਹਾਲਾਂਕਿ ਹੁਣ ਜਾਂਚ ਟੀਮ ਦਾ ਮੁਖੀ ਕੌਣ ਹੋਵੇਗਾ? ਇਸ ਬਾਰੇ ਸਥਿਤੀ ਸਪਸ਼ਟ ਨਹੀਂ। ਟੀਮ ਦੀ ਅਗਵਾਈ ਉਪੇਂਦਰ ਅਗਰਵਾਲ ਹੀ ਕਰਨਗੇ ਜਾਂ ਨਹੀਂ ਇਸ ਬਾਕੇ ਕੁਝ ਵੀ ਸਪਸ਼ਟ ਨਹੀਂ।
ਦੱਸ ਦਈਏ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਸੀ। ਇਸ ਵਿੱਚ 4 ਕਿਸਾਨਾਂ ਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਨੇ ਆਪਣੀ ਜੀਪ ਨਾਲ ਕਿਸਾਨਾਂ ਨੂੰ ਕੁਚਲਿਆ ਸੀ। ਇਸ ਦੇ ਨਾਲ ਹੀ ਉਹ ਵਾਰ-ਵਾਰ ਕੇਂਦਰ ਸਰਕਾਰ ਤੋਂ ਕੇਂਦਰੀ ਮੰਤਰੀ 'ਤੇ ਕਾਰਵਾਈ ਦੀ ਮੰਗ ਕਰ ਰਹੇ ਹਨ।