ਪੰਜਾਬ ਸਰਕਾਰ ਦਾ ਨਵਾਂ ਉਪਰਾਲਾ, ਮੁੱਖ ਚੌਂਕਾਂ 'ਤੇ ਛੇਤੀ ਹੀ ਲਾਏ ਜਾਣਗੇ CCTV: ਭੁੱਲਰ
ਪੰਜਾਬ ਦੇ ਸਾਰੇ ਮੁੱਖ ਜੰਕਸ਼ਨਾਂ ਉੱਤੇ ਬਹੁਤ ਜਲਦ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ ਤਾਂ ਜੋ ਟ੍ਰੈਫਿਕ ਦੀ ਨਿਗਰਾਨੀ ਸਹੀ ਤਰੀਕੇ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਰੋਡ ਐਕਸੀਡੈਂਟ ਰਿਪੋਰਟ-2021 ਅਨੁਸਾਰ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ 13 ਲੋਕ ਆਪਣੀ ਜਾਨ ਗੁਆ ਰਹੇ ਹਨ
Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੜਕ ਸੁਰੱਖਿਆ ਪ੍ਰਤੀ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਸੜਕ ਸੁਰੱਖਿਆ ਹਫ਼ਤੇ ਦੇ ਸਮਾਪਤੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸ਼ਿਰਕਤ ਕੀਤੀ ਗਈ।
ਮੋਹਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਮਿਲ ਕੇ ਇਸ ਵਾਰ ਜਿਸ ਉਤਸ਼ਾਹ ਨਾਲ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ ਹੈ, ਇਸ ਨੂੰ ਲਗਾਤਾਰ ਮਨਾਇਆ ਜਾਵੇ ਅਤੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਪੂਰੀ ਤਰ੍ਹਾਂ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
Transport Minister @Laljitbhullar participated in closing ceremony of Road Safety Week organized at Govt Senior Sec. School in Mohali. He informed that CCTV cameras are to be installed at main junctions of Punjab soon & 70% of road accidents victims are between 18 to 45 age group pic.twitter.com/eMUXZnYbZb
— Government of Punjab (@PunjabGovtIndia) January 17, 2023
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਮੁੱਖ ਜੰਕਸ਼ਨਾਂ ਉੱਤੇ ਬਹੁਤ ਜਲਦ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ ਤਾਂ ਜੋ ਟ੍ਰੈਫਿਕ ਦੀ ਨਿਗਰਾਨੀ ਸਹੀ ਤਰੀਕੇ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਰੋਡ ਐਕਸੀਡੈਂਟ ਰਿਪੋਰਟ-2021 ਅਨੁਸਾਰ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ 13 ਲੋਕ ਆਪਣੀ ਜਾਨ ਗੁਆ ਰਹੇ ਹਨ। ਇਨ੍ਹਾਂ ਸੜਕ ਹਾਦਸਿਆਂ ਵਿੱਚ ਮਰਨ ਵਾਲੇ 70 ਫ਼ੀਸਦੀ ਲੋਕ 18 ਤੋਂ 45 ਸਾਲ ਉਮਰ ਦੇ ਹੁੰਦੇ ਹਨ।
ਭੁੱਲਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਵਿੱਚ ਸਭ ਤੋਂ ਵੱਧ ਕਾਰਗਾਰ ਅਮਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਹੈ ਅਤੇ ਸਾਡੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਭ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦਾ ਕਾਰਜ ਸਕੂਲ ਪੱਧਰ ‘ਤੇ ਹੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਬਾਲਗ ਹੋਣ ਤੱਕ ਟ੍ਰੈਫਿਕ ਨਿਯਮਾਂ ਪ੍ਰਤੀ ਉਹ ਪੂਰੀ ਤਰ੍ਹਾਂ ਜਾਗਰੂਕ ਹੋ ਸਕਣ।
ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਆਪਣੇ ਸੰਬੋਧਨ ਦੌਰਾਨ ਕਾਰ ਦੀ ਪਿਛਲੀ ਸੀਟ ਲਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੇ ਨਾਮੀ ਵਿਅਕਤੀ ਸਾਇਰਸ ਮਿਸਤਰੀ ਦੀ ਮੌਤ ਇਸੇ ਕਾਰਨ ਹੋਈ ਕਿਉਂਕਿ ਉਨ੍ਹਾਂ ਨੇ ਪਿਛਲੀ ਸੀਟ ਬੈਲਟ ਨਹੀਂ ਲਾਈ ਸੀ।
ਡਾਇਰੈਕਟਰ ਜਨਰਲ ਲੀਡ ਏਜੰਸੀ ਸ੍ਰੀ ਆਰ. ਵੈਂਕਟ ਰਤਨਮ ਨੇ ਦੋ ਪਹੀਆ ਵਾਹਨਾਂ ‘ਤੇ ਤਿੰਨ ਵਿਅਕਤੀਆਂ ਦੇ ਸਵਾਰ ਹੋਣ ਦੇ ਅਮਲ ਤੋਂ ਵਿਦਿਆਰਥੀਆਂ ਨੂੰ ਵਰਜਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਨਿੱਜੀ ਵਾਹਨਾਂ ਦੀ ਥਾਂ ਸਕੂਲ ਆਉਣ ਲਈ ਜਨਤਕ ਆਵਾਜਾਈ ਦੀ ਵਰਤੋਂ ਕਰਨ।
ਸਮਾਗਮ ਉਪਰੰਤ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਕੂਲੀ ਬੱਚਿਆਂ ਨੇ ਟਰਾਂਸਪੋਰਟ ਮੰਤਰੀ ਦੀ ਅਗਵਾਈ ਹੇਠ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਸਬੰਧੀ ਸਰਕਾਰੀ ਸਕੂਲ 3ਬੀ1 ਤੋਂ 3-5 ਲਾਇਟ ਪੁਆਇੰਟ ਤੱਕ ਵਿਸ਼ੇਸ਼ ਰੈਲੀ ਕੱਢੀ। ਰੈਲੀ ਦੇ ਸਮਾਪਤੀ ਮੌਕੇ ਟਰਾਂਸਪੋਰਟ ਮੰਤਰੀ ਵੱਲੋਂ ਬਿਨਾਂ ਹੈਲਮੇਟ ਦੋ ਪਹੀਆ ਵਾਹਨ ਚਾਲਕਾਂ ਨੂੰ ਮੁਫਤ ਹੈਲਮੇਟ ਵੀ ਵੰਡੇ ਗਏ ਅਤੇ ਵਾਹਨਾਂ ‘ਤੇ ਰਿਫ਼ਲੈਕਟਰ ਲਾਏ ਗਏ। ਉਨ੍ਹਾਂ ਰਾਹਗੀਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਵੀ ਕੀਤਾ।