Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Paddy Procurement in Punjab: ਪੰਜਾਬ ਵਿੱਚ ਇਸ ਵਾਰ ਝੋਨੇ ਦੇ ਝਾੜ ਨੂੰ ਲੈ ਕੇ ਕਾਫੀ ਬਹਿਸ ਹੋ ਰਹੀ ਹੈ। ਚਰਚਾ ਹੈ ਕਿ ਇਸ ਵਾਰ ਝੋਨੇ ਦਾ ਝਾੜ ਘਟਿਆ ਹੈ ਪਰ ਪੰਜਾਬ ਸਰਕਾਰ ਨੇ ਅਜਿਹੇ ਦਾਅਵਿਆਂ ਨੂੰ ਰੱਦ ਕੀਤਾ ਹੈ।
Paddy Procurement in Punjab: ਪੰਜਾਬ ਵਿੱਚ ਇਸ ਵਾਰ ਝੋਨੇ ਦੇ ਝਾੜ ਨੂੰ ਲੈ ਕੇ ਕਾਫੀ ਬਹਿਸ ਹੋ ਰਹੀ ਹੈ। ਚਰਚਾ ਹੈ ਕਿ ਇਸ ਵਾਰ ਝੋਨੇ ਦਾ ਝਾੜ ਘਟਿਆ ਹੈ ਪਰ ਪੰਜਾਬ ਸਰਕਾਰ ਨੇ ਅਜਿਹੇ ਦਾਅਵਿਆਂ ਨੂੰ ਰੱਦ ਕੀਤਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ ਗਏ ਫ਼ਸਲ ਕਟਾਈ ਸਰਵੇਖਣਾਂ (ਸੀਸੀਈਜ਼) ਵਿੱਚ ਪ੍ਰਤੀ ਹੈਕਟੇਅਰ ਝੋਨੇ ਦੇ ਔਸਤ ਝਾੜ ਵਿੱਚ 1.4 ਕੁਇੰਟਲ ਦਾ ਵਾਧਾ ਦਰਜ ਕੀਤਾ ਗਿਆ ਹੈ।
ਖੇਤੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਸਾਉਣੀ ਸੀਜ਼ਨ 2024 ਲਈ ਕੁੱਲ 2174 ਸੀਸੀਈਜ਼ ਕਰਵਾਏ ਜਾਣੇ ਹਨ ਤੇ 1863 ਸੀਸੀਈਜ਼ ਦੇ ਆਏ ਨਤੀਜਿਆਂ ਵਿੱਚ 6878 ਕਿਲੋ ਪ੍ਰਤੀ ਹੈਕਟੇਅਰ ਝਾੜ ਸਾਹਮਣੇ ਆਇਆ ਹੈ, ਜਦੋਂਕਿ ਸਾਉਣੀ 2023 ਦੌਰਾਨ ਇਹ ਝਾੜ 6740 ਕਿਲੋ ਪ੍ਰਤੀ ਹੈਕਟੇਅਰ ਸੀ। ਇਨ੍ਹਾਂ ਅੰਕੜਿਆਂ ਵਿੱਚ ਝੋਨੇ ਦੀਆਂ ਗੈਰ-ਬਾਸਮਤੀ ਤੇ ਬਾਸਮਤੀ ਦੋਵੇਂ ਕਿਸਮਾਂ ਸ਼ਾਮਲ ਹਨ। ਹੁਣ ਤੱਕ ਸੂਬੇ ਵਿੱਚ ਝੋਨੇ ਦੀ 97 ਫ਼ੀਸਦ ਕਟਾਈ ਮੁਕੰਮਲ ਹੋ ਚੁੱਕੀ ਹੈ।
ਦਰਅਸਲ ਸੋਸ਼ਲ ਮੀਡੀਆ ਉਪਰ ਚਰਚਾ ਹੈ ਕਿ ਇਸ ਵਾਰ ਝੋਨੇ ਦਾ ਝਾੜ ਘਟਿਆ ਹੈ। ਇਸ ਪਿੱਛੇ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਝੋਨੇ ਦੀ ਖਰੀਦ ਵਿੱਚ ਹੋਈ ਦੇਰੀ ਕਰਕੇ ਫਸਲ ਦਾ ਵਜ਼ਨ ਘਟਿਆ ਹੈ। ਮੀਡੀਆ ਰਿਪੋਰਟਾਂ ਮੁਤਾਹਕ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦਾ ਝਾੜ ਘਟਣ ਕਰਕੇ ਕਰੀਬ 3500 ਕਰੋੜ ਦਾ ਰਗੜਾ ਲੱਗਣ ਦਾ ਅਨੁਮਾਨ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਇੱਕ ਪਾਸੇ ਕਿਸਾਨੀ ਨੂੰ ਵਿੱਤੀ ਸੱਟ ਵੱਜੀ ਹੈ, ਦੂਜੇ ਪਾਸੇ ਪੰਜਾਬ ਸਰਕਾਰ ਦਾ 185 ਲੱਖ ਟਨ ਝੋਨਾ ਖ਼ਰੀਦਣ ਦਾ ਟੀਚਾ ਵੀ ਪ੍ਰਭਾਵਿਤ ਹੋਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਮੰਡੀਆਂ ਵਿੱਚ ਕਰੀਬ 170 ਲੱਖ ਟਨ ਝੋਨਾ ਹੀ ਪੁੱਜਣ ਦੀ ਉਮੀਦ ਹੈ ਕਿਉਂਕਿ ਭਾਰਤੀ ਖ਼ੁਰਾਕ ਨਿਗਮ ਫ਼ਸਲ ਦੇ ਝਾੜ ਵਿੱਚ ਪੰਜ ਤੋਂ ਸੱਤ ਫ਼ੀਸਦੀ ਦੀ ਗਿਰਾਵਟ ਦੀ ਗੱਲ ਆਖ ਰਹੀ ਹੈ। ਪੰਜਾਬ ਵਿੱਚ 30 ਨਵੰਬਰ ਨੂੰ ਝੋਨੇ ਦਾ ਫ਼ਸਲੀ ਖ਼ਰੀਦ ਸੀਜ਼ਨ ਖ਼ਤਮ ਹੋਣਾ ਹੈ।
ਭਾਰਤੀ ਖ਼ੁਰਾਕ ਨਿਗਮ ਤੇ ਰਾਜ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸੂਤਰ ਖ਼ਦਸ਼ਾ ਜ਼ਾਹਿਰ ਕਰ ਰਹੇ ਹਨ ਕਿ ਸੂਬੇ ਵਿੱਚੋਂ ਝੋਨੇ ਦੀ ਖ਼ਰੀਦ ਲਗਪਗ 170 ਲੱਖ ਟਨ ਹੋਵੇਗੀ। ਸੂਬੇ ਦੀਆਂ ਮੰਡੀਆਂ ਵਿੱਚ 162.78 ਲੱਖ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 159.60 ਲੱਖ ਟਨ ਦੀ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦ ਕੀਤੀ ਜਾ ਚੁੱਕੀ ਹੈ। ਮੰਡੀਆਂ ਵਿੱਚ ਫ਼ਸਲ ਦੀ ਰੋਜ਼ਾਨਾ ਦੀ ਆਮਦ ਡੇਢ ਲੱਖ ਟਨ ਦੇ ਆਸ-ਪਾਸ ਰਹਿ ਗਈ ਹੈ। ਭਾਰਤੀ ਖ਼ੁਰਾਕ ਨਿਗਮ ਦੇ ਅਧਿਕਾਰੀਆਂ ਮੁਤਾਬਕ ਰੋਜ਼ਾਨਾ ਆਮਦ ਦੇ ਲਿਹਾਜ਼ ਨਾਲ ਫ਼ਸਲ 170 ਲੱਖ ਐਮਟੀ ਦੇ ਆਸ-ਪਾਸ ਹੀ ਪੁੱਜੇਗੀ।