ਚੰਡੀਗੜ੍ਹ : ਪੰਜਾਬ ਸਰਕਾਰ ਨੇ ਭਾਰਤ-ਚੀਨ ਵਿਚਾਲੇ 1962, ਭਾਰਤ-ਪਾਕਿਸਤਾਨ ਵਿਚਾਲੇ 1965 ਅਤੇ 1971 ਦੀ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਸੈਨਿਕਾਂ ਦੇ ਪਰਿਵਾਰ ਵਾਲਿਆਂ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੰਗੀ ਵਿਧਵਾਵਾਂ ਜਾਂ ਸ਼ਹੀਦਾਂ ਦੇ ਕਾਨੂੰਨੀ ਤੌਰ ਉੱਤੇ ਵਾਰਿਸਾਂ ਨੂੰ ਪੰਜਾਹ ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ -ਇੰਨ-ਏਡ ਦੇ ਰੂਪ ਵਿੱਚ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਗ੍ਰਾਂਟ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ।

ਯਾਦ ਰਹੇ ਕਿ ਜੰਗੀ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਆਵਾਸ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਪੰਜਾਹ ਲੱਖ ਰੁਪਏ ਦੀ ਰਾਸ਼ੀ ਦੇ ਐਲਾਨ ਦੇ ਬਾਵਜੂਦ ਜੰਗੀ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।
ਮੁੱਖ ਮੰਤਰੀ ਦੇ ਦਫ਼ਤਰ ਦੇ ਬੁਲਾਰੇ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ 1975 ਵਿੱਚ ਇੱਕ ਨੀਤੀ ਬਣਾ ਕੇ 1500 ਜੰਗੀ ਵਿਧਵਾਵਾਂ
ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ। ਇਹਨਾਂ ਪਰਿਵਾਰਾਂ ਨੂੰ 10 ਏਕੜ ਖੇਤੀ ਯੋਗ ਜ਼ਮੀਨ ਜਾਂ ਇਸ ਦੀ ਕੀਮਤ ਦੇ ਬਦਲੇ ਨਕਦ ਰਾਸ਼ੀ ਦਿੱਤੀ ਗਈ ਸੀ।

ਇਹਨਾਂ ਵਿੱਚ 100 ਪਰਿਵਾਰ ਅਜਿਹੇ ਸਨ ਜਿਨ੍ਹਾਂ ਨੇ ਆਪਣੀਆਂ ਅਰਜ਼ੀਆਂ ਨਹੀਂ ਦਿੱਤੀਆਂ ਸਨ। ਇਸ ਲਈ ਚਾਰ ਜਨਵਰੀ 2010 ਤੱਕ ਅਰਜ਼ੀਆਂ ਦੀ ਤਾਰੀਖ਼ ਵਧਾਈ ਗਈ ਜਿਸ ਵਿੱਚ 100 ਪਰਿਵਾਰਾਂ ਨੇ ਗਰਾਂਟ ਲਈ ਅਪਲਾਈ ਕੀਤਾ ਸੀ।