ਫ਼ਰੀਦਕੋਟ: ਬਰਗਾੜੀ ਕਾਂਡ ਦੇ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਨਾਭਾ ਜੇਲ੍ਹ ਕਤਲ ਤੋਂ ਬਾਅਦ ਡੇਰਾ ਸਿਰਸਾ ਦੇ ਪੈਰੋਕਾਰ ਸਹਿਮ ਵਿੱਚ ਹਨ। ਘਟਨਾ ਮਗਰੋਂ ਕੈਪਟਨ ਸਰਕਾਰ ਨੇ ਬਿੱਟੂ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਬੇਅਦਬੀ ਕੇਸਾਂ ਵਿੱਚ ਬਿੱਟੂ ਦੇ ਨਾਲ ਹੀ ਗ੍ਰਿਫ਼ਤਾਰ ਕੀਤੇ ਤਿੰਨ ਹੋਰ ਡੇਰਾ ਪ੍ਰੇਮੀਆਂ ਨੂੰ ਵੀ ਪੁਲਿਸ ਸੁਰੱਖਿਆ ਦਿੱਤੀ ਗਈ ਹੈ।

ਬਿੱਟੂ ਦੇ ਨਾਲ ਸ਼ਕਤੀ ਸਿੰਘ ਵਾਸੀ ਡੱਗੋਰੋਮਾਣਾ (ਫ਼ਰੀਦਕੋਟ) ਤੇ ਸੁਖਵਿੰਦਰ ਸਿੰਘ ਵਾਸੀ ਕੋਟਕਪੂਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਜ਼ਮਾਨਤ ਮਿਲੀ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਕਤੀ ਸਿੰਘ ਤੇ ਸੁਖਵਿੰਦਰ ਸਿੰਘ ਉੱਪਰ ਵੀ ਮਹਿੰਦਰਪਾਲ ਬਿੱਟੂ ਵਾਂਗ ਹਮਲਾ ਹੋ ਸਕਦਾ ਹੈ। ਇਸ ਸੂਚਨਾ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਸ਼ਕਤੀ ਸਿੰਘ ਤੇ ਸੁਖਵਿੰਦਰ ਸਿੰਘ ਦੇ ਘਰ ਬਾਹਰ ਪੰਜ-ਪੰਜ ਕਮਾਂਡੋ ਤਾਇਨਾਤ ਕਰ ਦਿੱਤੇ ਹਨ।

ਮਹਿੰਦਰਪਾਲ ਉੱਪਰ ਹੋਏ ਹਮਲੇ ਤੋਂ ਬਾਅਦ ਡੇਰਾ ਪ੍ਰੇਮੀ ਕਾਫ਼ੀ ਸਹਿਮ ਵਿੱਚ ਹਨ। ਬਿੱਟੂ ਦੀ ਮੌਤ ਤੋਂ ਬਾਅਦ ਡੱਗੋਰੋਮਾਣਾ ਦਾ ਰਹਿਣ ਵਾਲਾ ਸ਼ਕਤੀ ਸਿੰਘ ਘਰੋਂ ਚਲਾ ਗਿਆ ਸੀ, ਪੁਲਿਸ ਸੁਰੱਖਿਆ ਮਿਲਣ ਤੋਂ ਬਾਅਦ ਘਰ ਪਰਤ ਆਇਆ ਹੈ। ਸ਼ਕਤੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਲੋਕਾਂ ਆਸਰੇ ਹੈ। ਸ਼ਕਤੀ ਸਿੰਘ ਨੇ ਦਾਅਵਾ ਕੀਤਾ ਕਿ ਬੇਅਦਬੀ ਕਾਂਡ ਨਾਲ ਉਸ ਦਾ ਕੋਈ ਸਬੰਧ ਨਹੀਂ ਤੇ ਪੁਲਿਸ ਨੇ ਗ਼ਲਤ ਤਰੀਕੇ ਨਾਲ ਉਸ ਦਾ ਨਾਂਅ ਬੇਅਦਬੀ ਕਾਂਡ ਨਾਲ ਜੋੜ ਕੇ ਉਨ੍ਹਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਡੇਰਾ ਪ੍ਰੇਮੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਅਮਨ ਕਾਨੂੰਨ ਮਾਮਲੇ ਵਿੱਚ ਪੂਰੀ ਤਰ੍ਹਾਂ ਚੌਕਸ ਹੈ। ਦੱਸਣਯੋਗ ਹੈ ਕਿ ਮਹਿੰਦਰਪਾਲ ਬਿੱਟੂ ਦੇ ਸਸਕਾਰ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਨੇ ਡੇਰਾ ਪ੍ਰੇਮੀਆਂ ਲਈ ਸੁਰੱਖਿਆ ਮੰਗੀ ਸੀ ਤੇ ਜ਼ਿਲ੍ਹਾ ਪੁਲਿਸ ਨੇ ਅੱਧੀ ਰਾਤ ਤੋਂ ਬਾਅਦ ਹੀ ਡੇਰਾ ਪ੍ਰੇਮੀਆਂ ਦੇ ਘਰਾਂ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਸੀ।