Punjab News: ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ 54 ਦਿਨਾਂ ਦੌਰਾਨ 52,000 ਸਰਕਾਰੀ ਦਫਤਰਾਂ ਦਾ ਸਮਾਂ ਬਦਲ ਕੇ 10,800 ਮੈਗਾਵਾਟ ਬਿਜਲੀ ਦੀ ਬਚਤ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੀ ਪਿੱਠ ਥਾਪੜਦਿਆਂ ਕਿਹਾ ਕਿ ਗਰਮੀਆਂ ਦੇ ਪੀਕ ਸੀਜ਼ਨ ਦੌਰਾਨ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਨ ਦੇ ਫੈਸਲੇ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਪੰਜਾਬ ਨੇ ਪਿਛਲੇ 54 ਦਿਨਾਂ ਦੌਰਾਨ 52,000 ਸਰਕਾਰੀ ਦਫ਼ਤਰਾਂ ਵਿੱਚ 10,800 ਮੈਗਾਵਾਟ ਬਿਜਲੀ ਦੀ ਬਚਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਕਰਮਚਾਰੀਆਂ ਨੂੰ ਆਪਣੇ ਕੰਮ ਤੋਂ ਛੁੱਟੀ ਲਏ ਬਿਨਾਂ ਸਵੇਰੇ-ਸਵੇਰੇ ਆਪਣਾ ਕੰਮ ਨਿਬੇੜ ਕੇ ਦਫਤਰੀ ਸਮੇਂ ਤੋਂ ਬਾਅਦ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਵੀ ਸਹੂਲਤ ਮਿਲੀ। ਇਸੇ ਤਰ੍ਹਾਂ ਕਰਮਚਾਰੀਆਂ ਨੇ ਆਪਣੇ ਪਰਿਵਾਰ ਨਾਲ ਵੀ ਵੱਧ ਤੋਂ ਵੱਧ ਸਮਾਂ ਬਿਤਾਇਆ। ਮੁੱਖ ਮੰਤਰੀ ਨੇ ਇਹ ਅੰਕੜੇ ਪੇਸ਼ ਕਰਕੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਵਾਲਿਆਂ ਨੂੰ ਸੀਸ਼ਾ ਵਿਖਾਇਆ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ 2 ਮਈ ਤੋਂ 15 ਜੁਲਾਈ ਤੱਕ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕਰ ਦਿੱਤਾ ਸੀ। ਇਹ ਫੈਸਲਾ ਬਿਜਲੀ ਦੀ ਬੱਚਤ ਕਰਕੇ ਲਿਆ ਗਿਆ ਸੀ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਦਫ਼ਤਰਾਂ ਦਾ ਸਮਾਂ ਬਦਲਣ ਨਾਲ ਆਮ ਲੋਕਾਂ ਦੇ ਨਾਲ-ਨਾਲ ਮੁਲਾਜ਼ਮ ਵੀ ਖੁਸ਼ ਸਨ।
ਸਰਕਾਰ ਦਾ ਤਰਕ ਸੀ ਕਿ ਦਫ਼ਤਰੀ ਸਮੇਂ ਵਿੱਚ ਇਹ ਤਬਦੀਲੀ ਇੱਕ ਵਿਗਿਆਨਕ ਤੇ ਵਾਤਾਵਰਣ ਅਨੁਕੂਲ ਫੈਸਲਾ ਸੀ ਜਿਸ ਨਾਲ ਜ਼ਿਆਦਾਤਰ ਕੰਮ ਦਿਨ ਵੇਲੇ ਹੀ ਨੇਪਰੇ ਚੜ੍ਹਨ ਨਾਲ ਬਿਜਲੀ ਦੀ ਕਾਫ਼ੀ ਬੱਚਤ ਹੋਈ ਹੈ। ਜ਼ਿਆਦਾਤਰ ਵਿਕਸਤ ਦੇਸ਼ਾਂ ਵਿੱਚ ਇਹੀ ਰੁਝਾਨ ਅਪਣਾਇਆ ਜਾਂਦਾ ਹੈ ਕਿਉਂਕਿ ਗਰਮੀਆਂ ਦੇ ਮੌਸਮ ਵਿੱਚ ਦਿਨ ਜਲਦੀ ਸ਼ੁਰੂ ਹੁੰਦਾ ਹੈ।
ਸਰਕਾਰ ਮੁਤਾਬਕ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਹੋਇਆ ਹੈ ਕਿਉਂਕਿ ਪੰਜਾਬ ਸਰਕਾਰ ਦੇ ਦਫਤਰਾਂ ਦਾ ਸਮਾਂ ਯੂਟੀ ਜਾਂ ਕੇਂਦਰ ਸਰਕਾਰ ਦੇ ਦਫਤਰਾਂ ਦੇ ਸਮੇਂ ਤੋਂ ਵੱਖੋ-ਵੱਖਰਾ ਹੋਣ ਕਰਕੇ ਸਵੇਰੇ 9:00 ਵਜੇ ਜਾਂ ਸ਼ਾਮ 5:00 ਵਜੇ ਦੇ ਸਮੇਂ ਦੌਰਾਨ ਟ੍ਰੈਫਿਕ ਬਹੁਤ ਘੱਟ ਗਿਆ ਜਿਸ ਨਾਲ ਵਾਹਨਾਂ ਦੀ ਆਵਾਜਾਈ ਸੁਖਾਲੀ ਹੋ ਗਈ ਹੈ।
ਇਸ ਫੈਸਲੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਨੂੰ ਸਭ ਤੋਂ ਵੱਧ ਰਾਹਤ ਮਿਲੀ ਕਿਉਂਕਿ ਇਸ ਵਿਰਾਸਤੀ ਸ਼ਹਿਰ ਲਈ ਟ੍ਰੈਫਿਕ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਨੀਤੀਗਤ ਯੋਜਨਾਬੰਦੀ ਜਾਂ ਬੁਨਿਆਦੀ ਢਾਂਚੇ ਦੇ ਬਦਲਾਅ ਦੇ ਰੂਪ ਵਿਚ ਕਰੋੜਾਂ ਰੁਪਏ ਖਰਚ ਹੋ ਸਕਦੇ ਸਨ ਪਰ ਭਗਵੰਤ ਮਾਨ ਦੇ ਇਤਿਹਾਸਕ ਫੈਸਲੇ ਨੇ ਸਾਲਾਂ ਦੀ ਇਸ ਸਮੱਸਿਆ ਨੂੰ ਸਕਿੰਟਾਂ ਵਿੱਚ ਹੱਲ ਕਰ ਦਿੱਤਾ ਹੈ ਜਿਸ ਨਾਲ ਵੱਡੇ ਪੱਧਰ 'ਤੇ ਪੈਸੇ ਦੀ ਬੱਚਤ ਵੀ ਹੋਈ ਹੈ।