Punjab Holiday: ਪੰਜਾਬ ਵਿਚ 10 ਜੁਲਾਈ ਨੂੰ ਸਰਕਾਰੀ ਛੁੱਟੀ, ਸਰਕਾਰ ਦਾ ਵੱਡਾ ਐਲਾਨ
Big Announcement : ਲੋਕ ਸਭਾ ਚੋਣਾਂ ਮਗਰੋਂ ਹੁਣ ਪੰਜਾਬ ਵਿਚ ਜ਼ਿਮਨੀ ਚੋਣਾਂ ਦੀ ਵਾਰੀ ਹੈ। ਪਹਿਲਾਂ ਨੰਬਰ ਹੈ ਜਲੰਧਰ ਪੱਛਮੀ ਦਾ ਜਿਥੋਂ ਕਿ ਵਿਧਾਇਕ ਸ਼ੀਤਲ ਅੰਗੂਰਾਲ ਨੇ ਅਸਤੀਫਾ ਦੇ ਦਿੱਤਾ ਸੀ।
ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਵੋਟਰਾਂ, ਜੋ ਕਿ ਦੁਕਾਨਾਂ ਅਤੇ ਵਪਾਰਕ ਅਦਾਰਿਆਂ 'ਚ ਕੰਮ ਕਰਦੇ ਹਨ ਅਤੇ ਫੈਕਟਰੀਆਂ ਦੇ ਕਾਮੇ ਹਨ, ਲਈ ਨੂੰ ਜ਼ਿਮਨੀ ਚੋਣ ਦੇ ਮੱਦੇਨਜ਼ਰ 10 ਜੁਲਾਈ 2024 (ਬੁੱਧਵਾਰ) ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਇਨ੍ਹਾਂ ਨੋਟੀਫਿਕੇਸ਼ਨਾਂ ਮੁਤਾਬਕ ਪੰਜਾਬ ਦੇ ਰਾਜਪਾਲ ਵੱਲੋਂ 34-ਜਲੰਧਰ ਪੱਛਮੀ (ਐੱਸ.ਸੀ.) ਹਲਕੇ ਦੀਆਂ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਵੋਟਰਾਂ ਲਈ 10-07-2024 (ਬੁੱਧਵਾਰ) ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਬਸ਼ਰਤੇ ਕਿ ਇਹ ਛੁੱਟੀ 07 ਜੁਲਾਈ 2024 ਤੋਂ 13 ਜੁਲਾਈ 2024 ਦਰਮਿਆਨ ਆਉਣ ਵਾਲੀ ਛੁੱਟੀ ਦੇ ਇਵਜ਼ ਵਿੱਚ ਹੋਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੇ ਰਾਜਪਾਲ ਵੱਲੋਂ 34-ਜਲੰਧਰ ਪੱਛਮੀ (ਐੱਸ.ਸੀ.) ਹਲਕੇ ਦੇ ਵੋਟਰਾਂ ਜੋ ਕਿ ਪੰਜਾਬ ਰਾਜ ਦੀਆਂ ਰਜਿਸਟਰਡ ਫੈਕਟਰੀਆਂ ਵਿਚ ਕੰਮ ਕਰਦੇ ਹਨ, ਜਿੱਥੇ 10 ਜੁਲਾਈ 2024 ਵਾਲੇ ਦਿਨ ਛੁੱਟੀ ਨਹੀਂ ਹੈ, ਦੇ ਕਾਮਿਆਂ ਲਈ 10 ਜੁਲਾਈ ਨੂੰ ਹਫ਼ਤਾਵਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਇਸ ਰਾਖਵੀ ਸੀਟ ’ਤੇ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜਦ ਕਿ ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਟਿਕਟ ਦਿੱਤੀ ਹੈ। ਸੱਤਾਧਾਰੀ ‘ਆਪ’ ਨੇ ਭਗਤ ਭਾਈਚਾਰੇ ’ਤੇ ਸਿਆਸੀ ਦਾਅ ਖੇਡਿਆ ਹੈ ਕਿਉਂਕਿ ਇਸ ਹਲਕੇ ਵਿੱਚ ਭਗਤ ਭਾਈਚਾਰਾ ਵੱਡੀ ਗਿਣਤੀ ’ਚ ਵੱਸਿਆ ਹੋਇਆ ਹੈ। ਉਂਜ ਦੋਵਾਂ ਪਾਰਟੀਆਂ ਨੇ ਹੀ ਉਮੀਦਵਾਰਾਂ ਦੇ ਮਾਮਲੇ ਵਿੱਚ ਦਲ-ਬਦਲੂਆਂ ਨੂੰ ਤਰਜੀਹ ਦਿੱਤੀ ਹੈ।
ਜਲੰਧਰ ਪੱਛਮੀ ਹਲਕੇ ਦੀ ਇਹ ਸੀਟ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫ਼ਾ ਦੇਣ ਮਗਰੋਂ ਖ਼ਾਲੀ ਹੋਈ ਹੈ। ਅੰਗੁਰਾਲ ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਇਸ ਸੀਟ ਲਈ ਵੋਟਾਂ 10 ਜੁਲਾਈ ਨੂੰ ਪੈਣੀਆਂ ਹਨ। ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਨੇ 2022 ਦੀਆਂ ਚੋਣਾਂ ਭਾਜਪਾ ਵੱਲੋਂ ਲੜੀਆਂ ਸਨ ਪਰ ਉਹ ਮਈ 2023 ’ਚ ਹੋਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਮਹਿੰਦਰ ਭਗਤ ਦਾ ਅਕਸ ਸਾਫ਼ ਸੁਥਰਾ ਹੈ ਤੇ ਉਹ ਸੀਨੀਅਰ ਭਾਜਪਾ ਆਗੂ ਅਤੇ ਅਕਾਲੀ-ਭਾਜਪਾ ਸਰਕਾਰ ’ਚ ਮੰਤਰੀ ਰਹੇ ਭਗਤ ਚੂਨੀ ਲਾਲ ਦੇ ਪੁੱਤਰ ਹਨ। ਭਗਤ ਚੂਨੀ ਲਾਲ 1997 ਤੇ 2007 ’ਚ ਦੋ ਵਾਰ ਇਸ ਹਲਕੇ ਤੋਂ ਜੇਤੂ ਰਹੇ ਹਨ। ਮਹਿੰਦਰ ਭਗਤ ਕਾਰੋਬਾਰੀ ਹਨ ਤੇ ਉਨ੍ਹਾਂ ਦੀ ਇਸ ਹਲਕੇ ’ਚ ਚੰਗੀ ਪਕੜ ਦੱਸੀ ਜਾਂਦੀ ਹੈ।
ਦੂਜੇ ਪਾਸੇ ਕਾਂਗਰਸ ਪਾਰਟੀ ਹਾਲੇ ਉਮੀਦਵਾਰ ਐਲਾਨੇ ਜਾਣ ਬਾਰੇ ਜੱਕੋ-ਤੱਕੀ ’ਚ ਦੱਸੀ ਜਾ ਰਹੀ ਹੈ। ਹਾਲਾਂਕਿ ਜਲੰਧਰ ਦੇ ਧੰਨਵਾਦੀ ਦੌਰੇ ਸਮੇਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਸੀ ਇੱਕ ਹਫਤੇ ਤੱਕ ਉਮੀਦਵਾਰ ਦਾ ਐਲਾਨ ਹੋ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਉਮੀਦਵਾਰ ਬਾਰੇ ਹਾਲੇ ਕੋਈ ਫੈਸਲਾ ਨਹੀਂ ਕੀਤਾ। ਲੰਘੀਆਂ ਲੋਕ ਸਭਾ ਚੋਣਾਂ ਮੌਕੇ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਿਰਫ 3300 ਫੋਟਾਂ ਮਿਲੀਆਂ ਸਨ।