ਚੰਡੀਗੜ੍ਹ: ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੱਤਾਧਿਰ ਕਾਂਗਰਸ ਉੱਪਰ ਗੰਭੀਰ ਇਲਜ਼ਾਮ ਲਾਏ ਹਨ। 'ਆਪ' ਨੇ ਨਿਗਮ ਚੋਣਾਂ ਦੌਰਾਨ ਝੜਪਾ ਲਈ ਕਾਂਗਰਸ 'ਤੇ ਇਲਜ਼ਾਮ ਲਾਉਂਦੇ ਹੋਏ ਇਸ ਨੂੰ ਕਾਂਗਰਸ ਦੀ ਗੁੰਡਾਗਰਦੀ ਦੱਸਿਆ ਹੈ ਤੇ ਕਹਿ ਕਿ ਇਹ ਸਭ ਪੁਲਿਸ ਦੀ ਮਦਦ ਨਾਲ ਕੀਤਾ ਗਿਆ।



ਆਮ ਆਦਮੀ ਪਾਰਟੀ ਨੇ ਨਗਰ ਨਿਗਮਾਂ ਚੋਣਾਂ ਵਿੱਚ ਡਟੇ ਰਹਿਣ ਲਈ ਆਪਣੇ ਆਗੂਆਂ, ਵਲੰਟੀਅਰਾਂ ਤੇ ਉਮੀਦਵਾਰਾਂ ਦੀ ਸ਼ਲਾਘਾ ਕੀਤੀ ਹੈ। ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ, "ਕਾਂਗਰਸੀ ਗੁੰਡਿਆਂ ਵੱਲੋਂ ਕੀਤੀਆਂ ਗਈਆਂ ਹਿੰਸਕ ਘਟਨਾਵਾਂ ਦਾ ਸਾਹਮਣਾ ਕਰਦੇ ਹੋਏ ਡਟ ਕੇ ਖੜ੍ਹਨਾ 'ਆਪ' ਵਲੰਟੀਅਰਾਂ ਦੀ ਉਸ ਇਰਾਦੇ ਨੂੰ ਪ੍ਰਗਟਾਉਂਦਾ ਹੈ ਜੋ ਉਹ ਨਵਾਂ ਪੰਜਾਬ ਸਿਰਜਣ ਦਾ ਸੁਪਨਾ ਲੈ ਕੇ ਚੱਲੇ ਹਨ।"

ਉਨ੍ਹਾਂ ਕਿਹਾ, "ਸਥਾਨਕ ਸਰਕਾਰਾਂ ਦੀਆਂ ਚੋਣਾਂ ਵਾਲੇ ਦਿਨ 14 ਫਰਵਰੀ ਨੂੰ ਕਾਂਗਰਸੀਆਂ ਵੱਲੋਂ ਸਰਕਾਰੀ ਤੰਤਰ ਦੇ ਸਹਿ ਉੱਤੇ ਬੂਥਾਂ ਉੱਤੇ ਕਬਜ਼ਾ ਕੀਤਾ ਗਿਆ। ਪੱਟੀ, ਸਮਾਣਾ, ਰਾਜਪੁਰਾ, ਭਿੱਖੀਵਿੰਡ, ਜਲਾਲਾਬਾਦ, ਧੂਰੀ ਵਿੱਚ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ।"

ਉਨ੍ਹਾਂ ਕਿਹਾ, "ਇਸ ਦੌਰਾਨ ਪੁਲਿਸ ਦੀ ਸਹਿ ਉੱਤੇ ਕਾਂਗਰਸੀਆਂ ਨੇ 'ਆਪ' ਵਲੰਟੀਅਰਾਂ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਤੇ ਪੱਟੀ ਵਿੱਚ 'ਆਪ' ਵਰਕਰ ਉੱਤੇ ਗੋਲੀ ਵੀ ਚਲਾਈ ਗਈ। ਇਸ ਦੇ ਬਾਵਜੂਦ ਵੀ 'ਆਪ' ਵਲੰਟੀਅਰ ਸਰਕਾਰੀ ਸਹਿ ਉੱਤੇ ਕੀਤੀ ਜਾ ਰਹੀ ਕਾਂਗਰਸੀ ਗੁੰਡਾਗਰਦੀ ਦਾ ਸਾਹਮਣੇ ਕਰਦੇ ਰਹੇ।"

ਮਾਨ ਨੇ ਕਿਹਾ, "ਕਾਂਗਰਸੀ ਦੀ ਗੁੰਡਾਗਰਦੀ ਦਾ ਅਕਾਲੀ ਦਲ ਤੇ ਭਾਜਪਾ ਨੂੰ ਵੀ ਸਾਹਮਣਾ ਕਰਨਾ ਪਿਆ। ਕਾਂਗਰਸੀਆਂ ਵੱਲੋਂ ਬੂਥ ਉੱਤੇ ਕਬਜ਼ਾ ਕਰਨ ਮੌਕੇ ਕੀਤੀ ਗਈ ਗੁੰਡਾਗਰਦੀ ਤੋਂ ਡਰਦੇ ਹੋਏ ਅਕਾਲੀ ਦਲ ਦੇ ਵਰਕਰ ਭਜ ਗਏ ਤੇ ਭਾਜਪਾ ਵਾਲੇ ਨੇ ਆਪਣੇ ਵਰਕਰਾਂ ਨੂੰ ਬੂਥਾਂ ਉੱਤੇ ਵੀ ਨਾ ਬੈਠਾਇਆ ਪਰ ਆਮ ਆਦਮੀ ਪਾਰਟੀ ਦੇ ਦਲੇਰ ਵਲੰਟੀਅਰਾਂ ਨੇ ਕਾਂਗਰਸੀਆਂ ਦਾ ਡਟਕੇ ਸਾਹਮਣੇ ਕੀਤਾ।"

ੳਨ੍ਹਾਂ ਕਿਹਾ, "ਆਪ ਵਰਕਰਾਂ ਦੀ ਦਲੇਰੀ ਕਰਕੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡਰ ਲੱਗਦਾ ਹੈ, ਇਸ ਲਈ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਵਰਤੇ ਜਾ ਰਹੇ ਹੱਥਕੰਡਿਆਂ ਦਾ 'ਆਪ' ਉੱਤੇ ਕੋਈ ਅਸਰ ਨਹੀਂ ਪੈਂਦਾ।"