Punjab Municipal Elections 2021: ਅੱਜ ਆਉਣਗੇ ਪੰਜਾਬ ਮਿਊਂਸੀਪਲ ਚੋਣਾਂ ਦੇ ਨਤੀਜੇ, ਸਾਰੀਆਂ ਧਿਰਾਂ ਨੇ ਜਿੱਤ ਲਈ ਲਾਇਆ ਅੱਡੀ ਚੋਟੀ ਦਾ ਜ਼ੋਰ
Punjab Municipal Elections 2021: ਚੋਣਾਂ 'ਚ ਕੁੱਲ 9,222 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਸਨ। 14 ਫਰਵਰੀ ਨੂੰ ਐਤਵਾਰ ਮਿਊਂਸੀਪਲ ਚੋਣਾਂ ਹੋਈਆਂ ਸਨ। ਕੁੱ
ਚੰਡੀਗੜ੍ਹ: ਪੰਜਾਬ ਚ ਅਅੱਜ ਦਾ ਦਿਨ ਸਿਆਸੀ ਪਾਰਟੀਆਂ ਲਈ ਕਾਫੀ ਅਹਿਮ ਰਹਿਣ ਵਾਲਾ ਹੈ। ਦਰਅਸਲ ਅੱਜ ਮਿਊਂਸੀਪਲ ਚੋਣਾਂ ਦੇ ਨਤੀਜੇ ਆਉਣਗੇ। ਸਵੇਰ 9 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਦੁਪਹਿਰ ਤਕ ਨਤੀਜੇ ਆਉਣ ਦੀ ਉਮੀਦ ਹੈ। ਕਿਸਾਨ ਅੰਦੋਲਨ ਕਾਰਨ ਇਹ ਚੋਣਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਖਾਸ ਮਾਇਨੇ ਰੱਖਦੀਆਂ ਹਨ। ਜਿੱਥੇ ਇਨ੍ਹਾਂ ਚੋਣਾਂ 'ਚ ਬੀਜੇਪੀ ਨੂੰ ਤਿੱਖਾ ਵਿਰੋਧ ਸਹਿਣਾ ਪਿਆ ਉੱਥੇ ਹੀ ਅਕਾਲੀ ਦਲ ਵੀ ਅਜੇ ਪੰਜਾਬ 'ਚ ਆਪਣੀ ਸਾਖ ਮੁੜ ਬਰਕਰਾਰ ਨਹੀਂ ਕਰ ਸਕਿਆ। ਅਜਿਹੇ 'ਚ ਇਨ੍ਹਾਂ ਚੋਣਾਂ 'ਚ ਕਾਂਗਰਸ ਨੂੰ ਸੱਤਾਧਿਰ ਹੋਣ ਦਾ ਲਾਹਾ ਮਿਲ ਸਕਦਾ ਹੈ। ਹਾਲਾਂਕਿ ਉਮੀਦ ਆਮ ਆਦਮੀ ਪਾਰਟੀ ਨੇ ਵੀ ਪੂਰੀ ਲਾਈ ਹੈ।
ਇਨ੍ਹਾਂ ਚੋਣਾਂ 'ਚ ਕੁੱਲ 9,222 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਸਨ। 14 ਫਰਵਰੀ ਨੂੰ ਐਤਵਾਰ ਮਿਊਂਸੀਪਲ ਚੋਣਾਂ ਹੋਈਆਂ ਸਨ। ਕੁੱਲ 9,222 ਉਮੀਦਵਾਰਾਂ 'ਚੋਂ 2,832 ਆਜ਼ਾਦ ਉਮੀਦਵਾਰ, 2037 ਕਾਂਗਰਸ, 1606 ਆਮ ਆਦਮੀ ਪਾਰਟੀ, ਅਕਾਲੀ ਦਲ ਦੇ 1569 ਤੇ ਬੀਜੇਪੀ ਦੇ ਸਭ ਤੋਂ ਘੱਟ 1003 ਉਮੀਦਵਾਰ ਸ਼ਾਮਲ ਸਨ।
ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਵੋਟਾਂ ਦੀ ਗਿਣਤੀ ਦੇ ਨਾਲ ਹੀ ਸ਼ੁਰੂ ਹੋ ਜਾਵੇਗਾ। ਬੇਸ਼ੱਕ ਕਿਸਾਨ ਅੰਦੋਲਨ ਕਰਕੇ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਨਾਲ ਉਨ੍ਹਾਂ ਦਾ ਹੀ ਮੁਕਾਬਲਾ ਹੈ ਪਰ ਇਹ ਵੀ ਗੱਲ ਯਾਦ ਰੱਖਣ ਯੋਗ ਹੈ ਕਿ ਇਸ ਸਮੇਂ 'ਆਪ' ਦਾ ਪੰਜਾਬ 'ਚ ਕੋਈ ਮਜਬੂਤ ਆਧਾਰ ਨਹੀਂ। ਇਸ ਲਈ ਪਲੜਾ ਕਾਂਗਰਸ ਦਾ ਭਾਰੀ ਰਹਿਣ ਦੀ ਉਮੀਦ ਹੈ। ਹਾਲਾਂਕਿ ਅਕਾਲੀ ਦਲ ਨੇ ਵੀ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ।
ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਚੋਣਾਂ ਨੂੰ ਸੈਮੀਫਾਇਨਲ ਮੰਨਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦੇ ਹਿਸਾਬ ਨਾਲ ਹੀ ਪਾਰਟੀਆਂ ਅਗਲੀ ਰਣਨੀਤੀ ਤੈਅ ਕਰਨਗੀਆਂ। ਜੋ ਵੀ ਪਾਰਟੀ ਮਿਊਂਸੀਪਲ ਚੋਣਾਂ 'ਚ ਜਿੱਤ ਦਰਜ ਕਰੇਗੀ ਉਸ ਦੇ ਹੌਸਲੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਬੁਲੰਦ ਹੋ ਜਾਣਗੇ।