ਚੰਡੀਗੜ੍ਹ: ਕਾਂਗਰਸ ਪਾਰਟੀ ਵੱਲੋਂ ਐਤਵਾਰ ਸ਼ਾਮ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚਰਨਜੀਤ ਸਿੰਘ ਚੰਨੀ ਦੇ ਨਾਂ ਦੇ ਐਲਾਨ ਨਾਲ ਇਹ ਵੀ ਤੈਅ ਹੋ ਗਿਆ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਇੱਕ ਵਾਰ ਫਿਰ ਮਾਲਵਾ ਖ਼ਿੱਤੇ ਵਿੱਚ ਹੀ ਰਹੇਗੀ। ਦਲਿਤ ਭਾਈਚਾਰੇ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਰੋਪੜ ਜ਼ਿਲ੍ਹੇ ਦੀ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਇਹ ਇਲਾਕਾ ਪੂਰਬੀ ਮਾਲਵੇ ਵਿੱਚ ਆਉਂਦਾ ਹੈ।
12 ਜੂਨ, 1966 ਨੂੰ ਭਾਸ਼ਾ ਦੇ ਆਧਾਰ 'ਤੇ ਹਰਿਆਣਾ ਨੂੰ ਵੱਖਰਾ ਰਾਜ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ, ਪੰਜਾਬ ਦੀ ਰਾਜਨੀਤੀ 'ਤੇ ਜ਼ਿਆਦਾਤਰ ਮਲਵੱਈਆਂ ਦਾ ਹੀ ਰਾਜ ਰਿਹਾ ਹੈ। ਆਮ ਭਾਸ਼ਾ ਵਿੱਚ, ਪੰਜਾਬ ਨੂੰ ਤਿੰਨ ਖੇਤਰਾਂ- ਮਾਝਾ, ਮਾਲਵਾ ਤੇ ਦੁਆਬਾ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚੋਂ ਮਾਲਵੇ ਵਿੱਚ 69, ਦੁਆਬੇ ਵਿੱਚ 23 ਤੇ ਮਾਝੇ ਵਿੱਚ 25 ਵਿਧਾਨ ਸਭਾ ਸੀਟਾਂ ਹਨ।
ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਮਾਲਵੇ ਤੋਂ ਬਾਹਰ ਆਖ਼ਰੀ ਵਾਰ 25 ਫਰਵਰੀ 1992 ਨੂੰ ਗਈ ਸੀ, ਜਦੋਂ ਜਲੰਧਰ ਛਾਉਣੀ ਤੋਂ ਵਿਧਾਇਕ ਬੇਅੰਤ ਸਿੰਘ ਮੁੱਖ ਮੰਤਰੀ ਬਣੇ ਸਨ। ਬੇਅੰਤ ਸਿੰਘ ਦੁਆਬਾ ਖੇਤਰ ਤੋਂ ਸਨ। 31 ਅਗਸਤ 1995 ਨੂੰ ਇੱਕ ਬੰਬ ਧਮਾਕੇ ਵਿੱਚ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ, ਕਾਂਗਰਸ ਦੇ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣੇ, ਜੋ ਮਾਲਵੇ ਦੀ ਮੁਕਤਸਰ ਸੀਟ ਤੋਂ ਵਿਧਾਇਕ ਸਨ। ਉਸ ਤੋਂ ਬਾਅਦ ਸੀਐਮ ਦੀ ਕੁਰਸੀ ਕਦੇ ਵੀ ਮਾਲਵੇ ਤੋਂ ਬਾਹਰ ਨਹੀਂ ਗਈ।
ਭਾਸ਼ਾ ਦੇ ਆਧਾਰ 'ਤੇ ਸਾਲ 1966 ਵਿੱਚ ਹਰਿਆਣਾ ਦੇ ਵੱਖਰੇ ਰਾਜ ਦੇ ਗਠਨ ਤੋਂ ਬਾਅਦ ਹੁਣ ਤੱਕ ਪੰਜਾਬ ਵਿੱਚ 12 ਜਣਿਆਂ ਨੇ 16 ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਨ੍ਹਾਂ ਵਿੱਚ ਗਿਆਨੀ ਗੁਰਮੁਖ ਸਿੰਘ, ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ, ਪ੍ਰਕਾਸ਼ ਸਿੰਘ ਬਾਦਲ, ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹਨ। ਚਰਨਜੀਤ ਸਿੰਘ ਚੰਨੀ 13 ਵੇਂ ਵਿਅਕਤੀ ਹੋਣਗੇ ਜੋ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਂਝ ਉਹ ਪੰਜਾਬ ਦੇ 17 ਵੇਂ ਮੁੱਖ ਮੰਤਰੀ ਹੋਣਗੇ।
ਸਾਲ 1966 ਤੋਂ ਬਾਅਦ ਸਰਹੱਦੀ ਸੂਬੇ ਪੰਜਾਬ ਵਿੱਚ 6 ਵਾਰ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਹੈ। ਅੱਤਵਾਦ ਕਾਰਨ ਸੂਬੇ ਦਾ ਵਿਗੜਦਾ ਮਾਹੌਲ ਤੇ ਰਾਜਸੀ ਅਸਥਿਰਤਾ ਇਸ ਦਾ ਇੱਕ ਵੱਡਾ ਕਾਰਨ ਸੀ। 1966 ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ 23 ਅਗਸਤ 1968 ਤੋਂ 17 ਫਰਵਰੀ 1969 ਤੱਕ ਲੱਗਾ ਸੀ।
ਇਸ ਤੋਂ ਬਾਅਦ 14 ਜੂਨ 1971 ਤੋਂ 17 ਮਾਰਚ 1972, 30 ਅਪ੍ਰੈਲ 1977 ਤੋਂ 20 ਜੂਨ 1977, 17 ਫਰਵਰੀ 1980 ਤੋਂ 6 ਜੂਨ 1980, 6 ਅਕਤੂਬਰ 1983 ਤੋਂ 29 ਸਤੰਬਰ 1985 ਅਤੇ 11 ਜੂਨ 1987 ਤੋਂ 25 ਫਰਵਰੀ 1992 ਤੱਕ ਰਾਸ਼ਟਰਪਤੀ ਰਾਜ ਲਾਗੂ ਰਿਹਾ। ਉਸ ਤੋਂ ਬਾਅਦ, ਸਿਆਸੀ ਸਥਿਰਤਾ ਤੇ ਹਾਲਾਤ ਸੁਖਾਵੇਂ ਹੋਣ ਕਾਰਨ ਰਾਸ਼ਟਰਪਤੀ ਰਾਜ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ।
ਇਹ ਵੀ ਪੜ੍ਹੋ: ਚਰਨਜੀਤ ਚੰਨੀ ਨਾਲ ਦੋ ਡਿਪਟੀ ਚੁੱਕਣਗੇ ਸਹੁੰ, ਨਵੇਂ ਮੰਤਰੀ ਮੰਡਲ 'ਚ ਸ਼ਾਮਲ ਹੋਣਗੇ ਨਵੇਂ ਚਿਹਰੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin