ਚੰਡੀਗੜ੍ਹ: ਪੰਜਾਬ ਅੰਦਰ ਜਨਤਾ ਦੇ ਪੈਸੇ ਉੱਪਰ ਬਹੁਤ ਸਾਰੇ ਅਜਿਹੇ ਸਿਆਸੀ, ਸਮਾਜਿਕ ਤੇ ਧਾਰਮਿਕ ਲੀਡਰਾਂ ਤੇ ਅਫਸਰਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੂੰ ਕੋਈ ਖਤਰਾ ਨਹੀਂ। ਇਨ੍ਹਾਂ ਵਿੱਚੋਂ ਬਹੁਤੇ ਲੀਡਰਾਂ ਨੇ ਇਹ ਸੁਰੱਖਿਆ ਸਮਾਜ ਵਿੱਚ ਆਪਣਾ ਪ੍ਰਭਾਵ ਬਣਾਉਣ ਲਈ ਹੀ ਹਾਸਲ ਕੀਤੀ ਹੋਈ ਹੈ। ਇਨ੍ਹਾਂ ਲੀਡਰਾਂ ਨੇ ਆਪਣੇ ਰਸੂਖ ਰਾਹੀਂ ਇਹ ਸੁਰੱਖਿਆ ਹਾਸਲ ਕੀਤੀ ਹੈ ਜਿਸ ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਾਪਸ ਲੈ ਰਹੀ ਹੈ।



ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਕ ਪੰਜਾਬ ਵਿੱਚ 10 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਸਿਆਸਤਦਾਨਾਂ, ਅਫਸਰਾਂ, ਡੇਰਾ ਮੁਖੀਆਂ ਤੇ ਧਾਰਮਿਕ ਲੀਡਰਾਂ ਆਦਿ ਦੀ ਸੁਰੱਖਿਆ ਲਈ ਹੀ ਤਾਇਨਾਤ ਹਨ। ਪੁਲਿਸ ਅਫਸਰ ਖੁਦ ਮੰਨਦੇ ਹਨ ਕਿ ਜੇਕਰ ਇਹ 10 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਵਾਪਸ ਬੁਲਾ ਲਏ ਜਾਣ ਤਾਂ ਪੰਜਾਬ ਅੰਦਰ ਪੁਲਿਸਤੰਤਰ ਵਿੱਚ ਵੱਡਾ ਸੁਧਾਰ ਹੋ ਸਕਦਾ ਹੈ।

ਸਰਕਾਰੀ ਰਿਪੋਰਟ ਮੁਤਾਬਕ ਕਈ ਲੀਡਰਾਂ ਨਾਲ 30 ਤੋਂ 40 ਤੱਕ ਮੁਲਾਜ਼ਮ ਤਾਇਨਾਤ ਹਨ ਜਦੋਂ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਇਸ ਤੋਂ ਇਲਾਵਾ ਕਈ-ਕਈ ਸਰਕਾਰੀ ਵਾਹਨ ਵੀ ਇਨ੍ਹਾਂ ਲੀਡਰਾਂ ਨਾਲ ਤਾਇਨਾਤ ਹਨ। ਇਸ ਦੀ ਇੱਕ ਮਿਸਾਲ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਹਨ। ਪੁਲਿਸ ਦੀ ਰਿਪੋਰਟ ਮੁਤਾਬਕ ਭੱਠਲ ਨੂੰ ਵਾਈ ਪਲੱਸ ਸੁਰੱਖਿਆ ਵਰਗ ਅਧੀਨ ਸੂਬਾ ਸਰਕਾਰ ਵੱਲੋਂ 36 ਪੁਲਿਸ ਕਰਮਚਾਰੀ ਤੇ ਵਾਹਨ ਦਿੱਤੇ ਹੋਏ ਸਨ। ਸਰਕਾਰ ਨੇ ਇਨ੍ਹਾਂ ਵਿੱਚੋਂ 28 ਕਰਮਚਾਰੀ ਤੇ 3 ਵਾਹਨ ਵਾਪਸ ਬੁਲਾ ਲਏ ਹਨ ਤੇ ਹੁਣ 8 ਪੁਲਿਸ ਕਰਮਚਾਰੀ ਹੀ ਸੁਰੱਖਿਆ ਲਈ ਤਾਇਨਾਤ ਹਨ।

ਇਸੇ ਤਰ੍ਹਾਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜ਼ੈੱਡ ਸੁਰੱਖਿਆ ਅਧੀਨ ਰਾਜ ਸਰਕਾਰ ਵੱਲੋਂ 13 ਕਰਮਚਾਰੀ ਤੇ ਵਾਹਨ ਦਿੱਤੇ ਹੋਏ ਹਨ। ਸਾਬਕਾ ਕੇਂਦਰੀ ਮੰਤਰੀ ਦੀ ਸੁਰੱਖਿਆ ਛਤਰੀ ਵਿੱਚੋਂ 2 ਕਰਮਚਾਰੀ ਤੇ ਇੱਕ ਵਾਹਨ ਘਟਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਜ਼ੈੱਡ ਸੁਰੱਖਿਆ ਅਧੀਨ ਰਾਜ ਸਰਕਾਰ ਵੱਲੋਂ 28 ਸੁਰੱਖਿਆ ਕਰਮਚਾਰੀ ਦਿੱਤੇ ਹੋਏ ਸਨ। ਸਰਕਾਰ ਨੇ 26 ਕਰਮਚਾਰੀ ਤੇ ਇੱਕ ਵਾਹਨ ਵਾਪਸ ਬੁਲਾ ਲਿਆ ਤੇ ਨਾਲ ਹੀ ਜ਼ੈੱਡ ਸੁਰੱਖਿਆ ਦੇ ਵਰਗ ਨੂੰ ਖ਼ਤਮ ਕਰਦਿਆਂ ਦੋ ਕਰਮਚਾਰੀ ਹੀ ਦਿੱਤੇ ਹਨ।

ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਕੋਲ ਵੀ ਵਾਈ ਵਰਗ ਦੀ ਸੁਰੱਖਿਆ ਹਾਸਲ ਤੇ 11 ਪੁਲਿਸ ਕਰਮਚਾਰੀ ਸਨ। ਪੁਲਿਸ ਨੇ ਹੁਣ 11 ਕਰਮਚਾਰੀ ਤੇ ਇੱਕ ਵਾਹਨ ਵਾਪਸ ਬੁਲਾਉਣ ਦੇ ਹੁਕਮ ਦਿੱਤੇ ਹਨ। ਨਵਤੇਜ ਸਿੰਘ ਚੀਮਾ ਨਾਲੋਂ ਵੀ 11 ਕਰਮਚਾਰੀ ਤੇ ਇੱਕ ਵਾਹਨ ਵਾਪਸ ਬੁਲਾ ਕੇ ਦੋ ਕਰਮਚਾਰੀਆਂ ਦੀ ਹੀ ਸੁਰੱਖਿਆ ਦਿੱਤੀ ਹੈ। ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਜ਼ੈੱਡ ਸੁਰੱਖਿਆ ਵਰਗ ’ਚ ਰੱਖ ਕੇ 37 ਕਰਮਚਾਰੀ ਤਾਇਨਾਤ ਕੀਤੇ ਹੋਏ ਸਨ ਤੇ ਸਰਕਾਰ ਨੇ 19 ਸੁਰੱਖਿਆ ਕਰਮਚਾਰੀ ਘਟਾ ਕੇ 18 ਪੁਲਿਸ ਕਰਮੀਆਂ ਦੀ ਸੁਰੱਖਿਆ ਦਿੱਤੀ ਹੈ। ਇਸੇ ਤਰ੍ਹਾਂ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸੁਰੱਖਿਆ ਲਈ ਤਾਇਨਾਤ 22 ਕਰਮਚਾਰੀਆਂ ਵਿੱਚ 18 ਤੇ ਇੱਕ ਵਾਹਨ ਵਾਪਸ ਲੈ ਲਿਆ ਹੈ।

ਦੱਸ ਦਈੇ ਕਿ ਪੰਜਾਬ ਪੁਲਿਸ ਨੇ ਅੱਠ ਲੀਡਰਾਂ ਦੀ ਸੁਰੱਖਿਆ ਵਿੱਚ ਵੱਡੀ ਕਟੌਤੀ ਕੀਤੀ ਹੈ। ਇਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਸ਼ਾਮਲ ਹਨ।