AAP on Captain Amarinder Singh: ਸ਼ਰਾਬ ਠੇਕੇਦਾਰ ਤੋਂ ਕਰਜ਼ਾ ਲੈ ਕੇ ਚੋਣ ਲੜੇ ਜਾਣ ਦਾ ਖੁਲਾਸਾ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਹੁਣ ਆਮ ਆਦਮੀ ਪਾਰਟੀ 'ਆਪ' ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਢੇ 9 ਸਾਲ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਸਿਸਵਾਂ ਵਰਗਾ ਫਾਰਮ ਹਾਊਸ ਬਣਾਇਆ। ਹੁਣ ਪਤਾ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਚੋਣ ਲੜਨ ਲਈ ਕਰਜ਼ਾ ਲਿਆ ਸੀ ਤੇ ਉਹ ਵੀ ਸ਼ਰਾਬ ਠੇਕੇਦਾਰ ਤੋਂ।



ਉਨ੍ਹਾਂ ਕਿਹਾ ਕਿ ਕੈਪਟਨ ਸਾਬ ਨੂੰ ਤਾਂ ਪਾਕਿਸਤਾਨ ਤੋਂ ਵੀ ਫੰਡ ਮਿਲ ਸਕਦੇ ਸਨ। ਮਾਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪਹਿਲਾਂ ਪੰਜਾਬ ਵਿੱਚ ਅਜਿਹਾ ਹੁੰਦਾ ਸੀ ਕਿ ਪਹਿਲਾਂ ਉਹ ਸਿਆਸਤਦਾਨਾਂ ਨੂੰ ਫੇਵਰ ਕਰਦੇ ਸਨ ਤੇ ਸਰਕਾਰ ਬਣਨ ਤੋਂ ਬਾਅਦ ਸਿਆਸਤਦਾਨ ਉਨ੍ਹਾਂ ਦਾ ਫੇਵਰ ਕਰਦੇ ਸਨ ਪਰ ਹੁਣ ਅਜਿਹਾ ਨਹੀਂ ਚੱਲੇਗਾ।

 ਦੱਸ ਦਈਏ ਕਿ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਕਾਂਗਰਸ ਪਾਰਟੀ ਤੋਂ ਵੱਖ ਹੋ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਪੈਸਾ ਹੀ ਨਹੀਂ ਸੀ। ਇਸ ਕਾਰਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਲੜਨ ਲਈ ਸ਼ਰਾਬ ਕਾਰੋਬਾਰੀ ਤੋਂ 25 ਲੱਖ ਰੁਪਏ ਦਾ ਕਰਜ਼ਾ ਤੱਕ ਲੈਣਾ ਪਿਆ।

ਸ਼ਰਾਬ ਕਾਰੋਬਾਰੀ ਤੋਂ ਕਰਜ਼ਾ ਲੈਣ ਤੋਂ ਬਾਅਦ ਹੀ ਅਮਰਿੰਦਰ ਸਿੰਘ ਆਪਣੇ ਚੋਣ ਖ਼ਰਚੇ ਕਰ ਪਾਏ ਤੇ ਕਰਜ਼ ਲੈ ਕੇ ਹੀ ਅਮਰਿੰਦਰ ਸਿੰਘ ਵੱਲੋਂ ਅਦਾਇਗੀਆਂ ਤੱਕ ਕੀਤੀ ਗਈਆਂ। ਇਹ ਵੀ ਪਹਿਲੀ ਵਾਰ ਹੋਇਆ ਹੈ, ਜਦੋਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਲੜਨ ਲਈ ਕਿਸੇ ਵੀ ਵਿਅਕਤੀ ਨੇ ਇੱਕ ਵੀ ਨਵੇਂ ਪੈਸਾ ਦੀ ਮਦਦ ਨਹੀਂ ਕੀਤੀ ਜਿਸ ਕਾਰਨ ਉਨਾਂ ਨੂੰ ਕਰਜ਼ ਲੈਣ ਤੱਕ ਜਾਣਾ ਪਿਆ।

ਕੈਪਟਨ ਅਮਰਿੰਦਰ ਸਿੰਘ ਵਲੋਂ ਪਟਿਆਲਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਲਈ ਦੂਰਲਾਭ ਸਿੰਘ ਗਰਚਾ ਨਾਂ ਦੇ ਸ਼ਰਾਬ ਕਾਰੋਬਾਰੀ ਤੋਂ 25 ਲੱਖ ਰੁਪਏ ਦਾ ਕਰਜ਼ ਤੱਕ ਲੈਣਾ ਪਿਆ। ਦੂਰਲਾਭ ਸਿੰਘ ਗਰਚਾ ਵੱਲੋਂ ਇਹ ਕਰਜ਼ ਬਕਾਇਦਾ ਚੈੱਕ ਰਾਹੀਂ ਦਿੱਤਾ ਗਿਆ। ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਧਾਨ ਸਭਾ ਸੀਟ ਤੋਂ 39 ਲੱਖ 67 ਹਜ਼ਾਰ 36 ਰੁਪਏ ਖ਼ਰਚ ਕੀਤੇ ਗਏ ਸਨ। ਅਮਰਿੰਦਰ ਸਿੰਘ ਕੋਲ 15 ਲੱਖ 25 ਹਜ਼ਾਰ ਰੁਪਏ ਹੀ ਸਨ, ਜਿਸ ਕਾਰਨ ਉਨ੍ਹਾਂ ਨੂੰ ਕਰਜ਼ ਲੈਣ ਤੱਕ ਦੀ ਲੋੜ ਪਈ ਤੇ ਇਸ 39 ਲੱਖ 67 ਹਜ਼ਾਰ 36 ਰੁਪਏ ਦੇ ਖ਼ਰਚ ਨੂੰ ਕਰਨ ਲਈ 25 ਲੱਖ ਰੁਪਏ ਕਰਜ਼ ਵਾਲੀ ਰਕਮ ਦੀ ਹੀ ਵਰਤੋਂ ਕੀਤੀ ਗਈ।

ਕਾਂਗਰਸ ਪਾਰਟੀ ਦੇ ਦਿੱਗਜ਼ ਲੀਡਰਾਂ ਵਿੱਚ ਸ਼ੁਮਾਰ ਰਹਿਣ ਵਾਲੇ ਤੇ ਪੰਜਾਬ ਵਿੱਚ 2 ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਸਿੱਕਾ ਬੋਲਦਾ ਸੀ। ਪੰਜਾਬ ਵਿੱਚ ਅੱਜ ਵੀ ਅਮਰਿੰਦਰ ਸਿੰਘ ਨੂੰ ਵੱਡੇ ਲੀਡਰਾਂ ਵਿੱਚ ਮੰਨਿਆ ਜਾਂਦਾ ਹੈ ਪਰ ਕਾਂਗਰਸ ਪਾਰਟੀ ਨੂੰ ਛੱਡਣ ਤੇ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਲਗਾਤਾਰ ਅਮਰਿੰਦਰ ਸਿੰਘ ਦੀ ਲੋਕ-ਪ੍ਰਿਯਤਾ ਵਿੱਚ ਘਾਟ ਆਈ ਹੈ ਤੇ ਜਿਆਦਾ ਲੀਡਰਾਂ ਸਣੇ ਆਮ ਲੋਕਾਂ ਵਲੋਂ ਉਨਾਂ ਤੋਂ ਕਿਨਾਰਾ ਕੀਤਾ ਗਿਆ ਹੈ।