ਪੜਚੋਲ ਕਰੋ
ਖਬਰ ਪੰਜਾਬ ਦੀ, ਸਿਰਫ ਦੋ ਮਿੰਟ 'ਚ

1...ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਰੋਪੜ ਨੂੰ ਨਵੇਂ ਸਨਅਤੀ ਸ਼ਹਿਰ ਵਜੋਂ ਵਿਕਸਤ ਕਰਨਾ ਤੇ ਵਪਾਰੀਆਂ ਦਾ ਟੈਕਸ ਘੱਟ ਕਰਨਾ ਮੁੱਖ ਏਜੰਡਾ ਹੋਵੇਗਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿੱਚ ਪਾਰਟੀ ਦੇ 21 ਨੁਕਾਤੀ ਵਪਾਰ ਤੇ ਸਨਅਤ ਮੈਨੀਫੈਸਟੋ ਨੂੰ ਜਾਰੀ ਕਰਦਿਆਂ ਇਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਵਪਾਰ, ਇੰਡਸਟਰੀ ਤੇ ਟਰਾਂਸਪੋਰਟ ਸੈਕਟਰ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾਵੇਗਾ। ਇੰਸਪੈਕਟਰ ਰਾਜ ਜਾਂ ਫਿਰ ਰੇਡ ਰਾਜ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ। ਅਣਅਧਿਕਾਰਤ ਕਾਲੋਨੀਆਂ ਨੂੰ ਅਧਿਕਾਰਤ ਕੀਤਾ ਜਾਵੇਗਾ। ਖ਼ਾਸ ਰਿਆਇਤਾਂ ਉੱਤੇ ਸੂਬੇ ਤੋਂ ਬਾਹਰ ਗਈ ਇੰਡਸਟਰੀ ਨੂੰ ਵਾਪਸ ਲਿਆਂਦਾ ਜਾਵੇਗਾ। 2…ਜਲਾਲਾਬਾਦ ਸ਼ਹਿਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੰਨੇਵਾਲਾ ਨੇੜੇ ਇੱਕ ਘਰ ਵਿੱਚ ਜ਼ਮੀਨ ਹੇਠੋਂ ਮਹਿਲਾ ਦੀ ਲਾਸ਼ ਬਰਾਮਦ ਹੋਈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਪ੍ਰੋਮਿਲਾ ਨਾਂ ਦੀ ਇਸ ਮਹਿਲਾ ਦੇ ਪਤੀ ਪਿੰਟੂ ਨੇ ਹੀ ਆਪਣੀ ਪਤਨੀ ਤੇ ਬੇਟੇ ਦਾ ਕਤਲ ਕਰ ਦਿੱਤਾ। ਇਸ ਮਗਰੋਂ ਪੁਲਿਸ ਦੇ ਡਰ ਤੋਂ ਟ੍ਰੇਨ ਅੱਗੇ ਕੁੱਦ ਕੇ ਖੁਦਕੁਸ਼ੀ ਕਰ ਲਈ। 3….ਸੰਗਰੂਰ ਦੇ ਧੂਰੀ ਵਿੱਚ ਸ਼ੁੱਕਰਵਾਰ ਨੂੰ ਹੋਏ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਅਕਾਲੀ ਕੌਂਸਲਰ ਕਰਮਜੀਤ ਸਿੰਘ ਪੰਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਪੁਲਿਸ ਨੇ ਘਟਨਾ ਲਈ ਵਰਤੀ ਗਈ ਰਿਵਾਲਵਰ ਤੇ ਗੱਡੀ ਵੀ ਬਰਾਮਦ ਕਰ ਲਈ ਹੈ। ਸ਼ੁੱਕਰਵਾਰ ਨੂੰ ਦੈਨਿਕ ਸਵੇਰਾ ਦੇ ਪੱਤਰਕਾਰ ਕੇਵਲ ਕ੍ਰਿਸ਼ਨ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਹਾਸਲ ਜਾਣਕਾਰੀ ਮੁਤਾਬਕ ਕੇਵਲ ਕ੍ਰਿਸ਼ਨ ਦਾ ਕੌਂਸਲਰ ਪੰਮੀ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਸ ਵਾਰ ਜਦੋਂ ਪੱਤਰਕਾਰ ਆਪਣੇ ਦਿੱਤੇ 10 ਲੱਖ ਰੁਪਏ ਵਾਪਿਸ ਮੰਗਣ ਗਿਆ ਤਾਂ ਝਗੜਾ ਹੋ ਗਿਆ। ਰੇੜਕਾ ਇੰਨਾ ਵਧਿਆ ਕਿ ਪੰਮੀ ਨੇ ਕਥਿਤ ਤੌਰ 'ਤੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। 4….ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਘਿਰਾਓ ਕਰਨ ਜਾ ਰਹੀਆਂ 25 ਮੁਲਾਜ਼ਮ ਜਥੇਬੰਦੀਆਂ ਨੇ ਗਿੱਦੜਬਾਹਾ ਵਿੱਚ ਧਰਨਾ ਲਾ ਕੇ ਬਠਿੰਡਾ-ਮਲੋਟ ਹਾਈਵੇ ਨੂੰ ਜਾਮ ਕਰ ਦਿੱਤਾ। ਅਸਲ ਵਿੱਚ ਇਨ੍ਹਾਂ ਜਥੇਬੰਦੀਆਂ ਨੂੰ ਪਹਿਲਾਂ ਹੀ ਵੱਖ-ਵੱਖ ਥਾਵਾਂ ਉੱਤੇ ਪੁਲਿਸ ਨੇ ਰੋਕ ਲਿਆ। ਹਾਈਵੇ ਜਾਮ ਕਰਕੇ ਬੈਠੇ ਠੇਕਾ ਸੰਘਰਸ਼ ਕਮੇਟੀ ਦੇ ਕਰਮੀਆਂ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਤੱਕ ਉਨ੍ਹਾਂ ਦੀ ਰਿਹਾਈ ਨਹੀਂ ਹੁੰਦੀ, ਹਾਈਵੇ ਉੱਤੇ ਜਾਮ ਜਾਰੀ ਰਹੇਗਾ। ਧਰਨਾਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 11 ਥਾਵਾਂ ਉੱਤੇ ਸੜਕਾਂ ਜਾਮ ਕੀਤੀਆਂ ਹਨ। 5….ਅਬੋਹਰ ਦੇ ਮੁਹੱਲਾ ਨਿਵਾਸੀਆਂ ਨੇ ਕਈ ਸਾਲਾਂ ਤੋਂ ਆ ਰਹੀ ਸੀਵਰੇਜ ਤੇ ਪਾਣੀ ਦੀ ਸਮੱਸਿਆ ਕਾਰਨ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਲੋਕਾਂ ਨੇ ਘਰਾਂ ਤੇ ਦੁਕਾਨਾਂ ਤੇ ਕਾਲੇ ਝੰਡੇ ਲਾ ਰੋਸ ਜ਼ਾਹਿਰ ਕੀਤਾ। ਉਧਰ ਡਿਪਟੀ ਕਮਿਸ਼ਨਰ ਨੇ ਮੰਨਿਆ ਕਿ ਲੋਕਾਂ ਨੂੰ ਕਈ ਸਾਲਾਂ ਤੋਂ ਇਹ ਸਮੱਸਿਆਵਾਂ ਆ ਰਹੀਆਂ ਹਨ ਜਿਸ ਲਈ 138 ਕਰੋੜ ਦੇ ਟੇਂਡਰ ਜਾਰੀ ਕੀਤੇ ਗਏ ਹਨ ਜਿਸ ਕਾਰਨ ਜਲਦ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















