ਫਰੀਦਕੋਟ ਜੇਲ੍ਹ 'ਚੋਂ ਫਿਰ ਮਿਲੇ ਮੋਬਾਈਲ, ਸਰਕਾਰ ਦੀ ਸਖਤੀ ਮਗਰੋਂ ਵੀ ਨਹੀਂ ਸੁਧਰ ਰਹੇ ਹਾਲਾਤ
ਫਰੀਦਕੋਟ: ਮਾਡਰਨ ਜੇਲ੍ਹ ਅੰਦਰ ਬੰਦ ਕੈਦੀਆਂ ਤੇ ਹਵਾਲਾਤੀਆਂ ਤੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀ ਲੈ ਰਿਹਾ। ਸਰਰਕਾਰ ਵੱਲੋਂ ਸਖਤੀ ਕਰਨ ਦੇ ਬਾਵਜੂਦ ਹਾਲਾਤ ਨਹੀਂ ਸੁਧਰ ਰਹੇ।
ਫਰੀਦਕੋਟ: ਮਾਡਰਨ ਜੇਲ੍ਹ ਅੰਦਰ ਬੰਦ ਕੈਦੀਆਂ ਤੇ ਹਵਾਲਾਤੀਆਂ ਤੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀ ਲੈ ਰਿਹਾ। ਸਰਰਕਾਰ ਵੱਲੋਂ ਸਖਤੀ ਕਰਨ ਦੇ ਬਾਵਜੂਦ ਹਾਲਾਤ ਨਹੀਂ ਸੁਧਰ ਰਹੇ। ਅੱਜ ਫਰੀਦਕੋਟ ਦੀ ਮਾਡਰਨ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਵੱਖ-ਵੱਖ ਬੈਰਕਾਂ ਵਿੱਚੋਂ 5 ਮੋਬਾਈਲ ਫੋਨ, ਸਿਮ ਚਾਰਜ਼ਰ ਤੇ ਇੱਕ ਬੈਟਰੀ ਬਰਾਮਦ ਕੀਤੇ ਗਏ ਹਨ।
ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ਤੇ ਤਿੰਨ ਹਵਾਲਾਤੀਆਂ ਤੇ ਅਗਿਆਤ ਕੈਦੀਆਂ ਖਿਲਾਫ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਸਲ ਜਾਣਕਰੀ ਮੁਤਾਬਕ ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ ਤਿੰਨ ਹਵਾਲਾਤੀਆ ਤੋਂ ਇੱਕ-ਇੱਕ ਮੋਬਾਈਲ ਬਰਾਮਦ ਕੀਤਾ ਗਿਆ ਜਦਕਿ ਦੋ ਮੋਬਾਈਲ ਫ਼ੋਨ, ਚਾਰਜ਼ਰ ਤੇ ਹੈੱਡਫੋਨ ਲਾਵਾਰਿਸ ਹਾਲਤ ਵਿੱਚ ਮਿਲੇ ਹਨ। ਇਸ ਨੂੰ ਲੈ ਕੇ ਤਿੰਨ ਹਵਾਲਾਤੀਆ ਤੇ ਕੁੱਝ ਨਾਮਲੂਮ ਕੈਦੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ
ਉਧਰ, ਬਠਿੰਡਾ ਕੇਂਦਰੀ ਜੇਲ੍ਹ (Central Jail) ਵਿੱਚ ਗੈਂਗਸਟਰਾਂ ਵੱਲੋਂ ਅਫਸਰਾਂ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮਾਮਲਾ ਸਾਹਮਣੇ ਆਉਣ ਮਗਰੋਂ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਏਲਨਚਿਲਿਨ ਨੇ ਕਿਹਾ ਹੈ ਕਿ ਮੁਲਜ਼ਮ ਪ੍ਰੋਡੇਕਸ਼ਨ ਵਾਰੰਟ 'ਤੇ ਲਿਆਂਦੇ ਜਾਣਗੇ ਤੇ ਜਾਂਚ ਪੜਤਾਲ ਕੀਤੀ ਜਾਵੇਗੀ।
ਦੱਸ ਦਈਏ ਕਿ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿਖੇ ਕੇਂਦਰੀ ਜੇਲ੍ਹ ਵਿੱਚ ਜਦ ਮੁਲਜ਼ਮਾਂ ਤੋਂ ਤਲਾਸ਼ੀ ਲੈਣ ਦੀ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਮਨਾ ਕਰ ਦਿੱਤਾ ਗਿਆ। ਉਹ ਬਹਿਸਬਾਜ਼ੀ ਕਰਨ ਲੱਗੇ। ਇਸ ਦੌਰਾਨ ਗੈਂਗਸਟਰ ਸੁਖਪ੍ਰੀਤ ਸਿੰਘ ਨੇ ਪੁਲਿਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸ ਮਗਰੋਂ ਕੇਂਦਰੀ ਜੇਲ੍ਹ ਵਿੱਚ ਡਿਪਟੀ ਸੁਪਰਡੈਂਟ ਨਵਦੀਪ ਸਿੰਘ ਦੇ ਬਿਆਨਾਂ ਉਪਰ ਗੈਂਗਸਟਰ ਸੁਖਪ੍ਰੀਤ ਸਿੰਘ ਤੇ ਹਰਸਿਮਰਨ ਸਿੰਘ ਖਿਲਾਫ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਪੂਰੇ ਮਾਮਲੇ ਵਿੱਚ ਬਠਿੰਡਾ ਦੇ ਐਸਐਸਪੀ ਜੇ ਏਲਨਚਿਲਿਨ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਪ੍ਰੋਡੇਕਸ਼ਨ ਵਾਰੰਟ 'ਤੇ ਲਿਆਂਦੇ ਜਾਣਗੇ ਤੇ ਜਾਂਚ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਗੈਂਗਸਟਰ ਲੜਾਈ ਝਗੜੇ ਕਤਲ ਦੇ ਮਾਮਲੇ ਵਿੱਚ ਬੰਦ ਹਨ।