ਫਿਰੋਜ਼ਪੁਰ: ਸਰਹੱਦ 'ਤੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ ਹਨ। ਇੱਕ ਵਾਰ ਫਿਰ ਸਰਹੱਦ 'ਤੇ ਡ੍ਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਫਿਰੋਜ਼ਪੁਰ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਰਾਤ ਦੇ ਸਮੇਂ ਬੀਓਪੀ ਮੱਬੋਕੇ ਵਿਖੇ ਪਾਕਿਸਤਾਨ ਵੱਲੋਂ ਆਇਆ ਇੱਕ ਡਰੋਨ ਦੇਖਿਆ ਗਿਆ ਜਿਸ 'ਤੇ ਬੀਐਸਐਫ ਵੱਲੋਂ ਕਈ ਫਾਇਰ ਵੀ ਕੀਤੇ ਗਏ। ਇਸ ਤੋਂ ਬਾਅਦ ਡ੍ਰੋਨ ਵਾਪਸ ਚਲਾ ਗਿਆ ਪਰ ਜਦੋਂ ਆਸ ਪਾਸ ਦੇ ਇਲਾਕੇ ਵਿੱਚ ਚੈਕਿੰਗ ਕੀਤੀ ਗਈ ਜਿੱਥੋਂ 5 ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ।
 
ਬੀਐਸਐਫ ਤੇ ਫਿਰੋਜ਼ਪੁਰ ਪੰਜਾਬ ਪੁਲਿਸ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ ਹੈ ਤੇ ਇਨ੍ਹਾਂ 5 ਪੈਕਟਾਂ 'ਚ 3 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਬਾਰੇ ਪੁਲਿਸ ਅਤੇ ਬੀਐਸਐਫ ਵੱਲੋਂ ਪ੍ਰੈੱਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ।
 
ਉੱਥੇ ਹੀ ਐਸਐਸਪੀ ਫਿਰੋਜ਼ਪੁਰ ਚਰਨਜੀਤ ਸਿੰਘ ਤੇ ਬੀਐਸਐਫ ਕਮਾਂਡੈਂਟ ਉਦੇ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੇ ਜੁਆਇੰਟ ਅਪ੍ਰੇਸ਼ਨ ਕਰ 3 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਪੂਰੇ ਏਰੀਏ ਤੇ ਹਾਲੇ ਵੀ ਨਜਰ ਰੱਖੀ ਜਾ ਰਹੀ ਹੈ। ਬੀਐਸਐਫ ਦੇ ਕਮਾਂਡਰ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਪਾਕਿਸਤਾਨ ਦੇ ਰੇਂਜਰਸ ਨਾਲ ਫਲੈਗ ਮੀਟਿੰਗ ਵਿੱਚ ਗੱਲਬਾਤ ਵੀ ਕੀਤੀ ਜਾ ਰਹੀ ਹੈ।