ਸੁਲਤਾਨਪੁਰ ਲੋਧੀ: ਦੇਰ ਰਾਤ ਤਾਸ਼ਪੁਰ ਰੋਡ 'ਤੇ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਉਸ ਦੀ ਪਤਨੀ ਅਤੇ ਬੱਚੀ ਗੰਭੀਰ ਰੂਪ ਚ ਜ਼ਖ਼ਮੀ ਹੋ ਗਈਆਂ। 



ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਪਰਮਜੀਤ ਸਿੰਘ ਵਾਸੀ ਉੱਚਾ ਬੋਹੜਵਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਜੁਆਈ ਸੁਖਜਿੰਦਰ ਸਿੰਘ ਪੁੱਤਰ ਭਾਗ ਸਿੰਘ ਅਤੇ ਜੋਤੀ ਵਾਸੀ ਪਿੰਡ ਫਾਜ਼ਲਵਾਲ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਆਪਣੀ ਪੁੱਤਰੀ ਨੰਨ੍ਹਿਆਂ ਸਮੇਤ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਸਹੁਰੇ ਪਿੰਡ ਬੋਹੜ ਵਾਲਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੂੰ ਆ ਰਿਹਾ ਸੀ। 



ਜਿਉਂ ਹੀ ਉਹ ਤਾਸ਼ਪੁਰ ਗੋਦਾਮਾਂ ਨਜ਼ਦੀਕ ਮੋੜ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਸੜਕ ਤੇ ਆਵਾਰਾ ਘੁੰਮ ਰਹੀ ਗਾਂ ਨਾਲ ਟਕਰਾ ਗਿਆ ਅਤੇ ਸਾਰਾ ਪਰਿਵਾਰ ਸੜਕ 'ਤੇ ਡਿੱਗ ਪਿਆ। ਇਸ ਭਿਆਨਕ ਹਾਦਸੇ ਵਿੱਚ ਸੁਖਜਿੰਦਰ ਸਿੰਘ ਪੁੱਤਰ ਭਾਗ ਸਿੰਘ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਲਿਆਂਦਾ ਗਿਆ ।ਜਿੱਥੇ ਡਾਕਟਰ ਵੱਲੋਂ ਉਸਨੂੰ ਮ੍ਰਿਤਕ   ਘੋਸ਼ਿਤ ਕਰ ਦਿੱਤਾ ਗਿਆ ਜਦ ਕਿ ਉਸ ਦੀ ਪਤਨੀ ਜੋਤੀ ਅਤੇ ਪੁੱਤਰੀ ਨੰਨਿਆ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ। 



ਡਾਕਟਰਾਂ ਦੀ ਟੀਮ ਨੇ ਛੋਟੀ ਬੱਚੀ ਨੰਨਿਆ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜ਼ਿਲ੍ਹਾ ਕਪੂਰਥਲਾ ਦੇ ਸਿਵਲ ਹਸਪਤਾਲ ਚ ਰੈਫਰ ਕਰ ਦਿੱਤਾ । ਇਸ ਮੌਕੇ ਮ੍ਰਿਤਕ ਸੁਖਜਿੰਦਰ ਸਿੰਘ ਦੇ ਸਹੁਰਾ ਪਰਮਜੀਤ ਸਿੰਘ ਉੱਚਾ ਬੋਹੜਵਾਲਾ ਕਿਹਾ ਕਿ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂਆਂ ਨਾਲ ਹਰ ਰੋਜ਼ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਅਨੇਕਾਂ ਲੋਕਾਂ ਦੀਆਂ ਜਾਨਾਂ ਅਜਾਈਂ ਜਾ ਰਹੀਆਂ ਹਨ ਜਦਕਿ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਦਾ ਮੋਢੀ ਗੁਜ਼ਰ ਜਾਣ ਨਾਲ ਪਰਿਵਾਰ ਸਭ ਕੁਝ ਉੱਜੜ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਇਸ ਲੋੜਵੰਦ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਸੜਕਾਂ ਤੇ ਘੁੰਮਦੇ ਆਵਾਰਾ ਪਸ਼ੂਆਂ ਨੂੰ ਸੰਭਾਲਣ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਦਾ ਪਰਿਵਾਰ ਨਾ ਉੱਜੜੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।