ਚੰਡੀਗੜ੍ਹ: ਅੰਦੋਲਨ ਦੀ ਜਿੱਤ ਮਗਰੋਂ ਮੰਗ ਉੱਠ ਰਹੀ ਹੈ ਕਿ ਕਿਸਾਨ ਜਥੰਬਦੀਆਂ ਨੂੰ ਆਪਣੀ ਪਾਰਟੀ ਬਣਾ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਇਸ ਬਾਰੇ ਕੁਝ ਕਿਸਾਨ ਲੀਡਰ ਹਾਮੀ ਭਰ ਰਹੇ ਹਨ ਜਦੋਂਕਿ ਕੁਝ ਇਸ ਦੇ ਪੱਖ ਵਿੱਚ ਨਹੀਂ ਹਨ। ਕਿਸਾਨ ਲੀਡਰਾਂ ਨੂੰ ਖਦਸ਼ਾ ਹੈ ਕਿ ਚੋਣਾਂ ਲੜਨ ਨਾਲ ਕਿਸਾਨ ਜਥੇਬੰਦੀਆਂ ਵੀ ਮਾੜੀ ਸਿਆਸਤ ਦਾ ਸ਼ਿਕਾਰ ਹੋ ਸਕਦੀਆਂ ਹਨ।

ਇਸ ਬਾਰੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਸਾਨ ਲੀਡਰ ਹਰਮੀਤ ਸਿੰਘ ਕਾਂਦੀਆਂ ਨੇ ਕਿਹਾ ਕਿ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੈ  ਤੇ ਉਹ ਚਾਹੁੰਦੇ ਹਨ ਕਿ ਕਿਸਾਨਾਂ ਨੇ ਜਦੋਂ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਤਾਂ ਫ਼ਿਰ ਪੰਜਾਬ ਦੀ ਅਗਵਾਈ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਹਰ ਕਿਸਾਨ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਰੱਖਦਾ ਹੈ।

ਕਾਦੀਆਂ ਨੇ ਕਿਹਾ ਕਿ ਜੇਕਰ ਅਸੀਂ ਜਿੱਤ ਵੀ ਗਏ ਤਾਂ ਹੋਰ ਪਾਰਟੀਆਂ ਵੱਲੋਂ ਜੋੜ-ਤੋੜ ਦੀ ਰਾਜਨੀਤੀ ਵੀ ਹੀ ਸਕਦੀ ਹੈ ਤੇ ਖਰੀਦੋ ਫਰੋਖਤ ਵੀ। ਅਜਿਹੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ। ਫਿਰ ਜਿਹੜੇ ਲੋਕ ਅੱਜ ਪਿਆਰ ਤੇ ਸਤਿਕਾਰ ਦਿੰਦੇ ਹਨ ਫਿਰ ਇਨ੍ਹਾਂ ਨੇ ਹੀ ਸਾਨੂੰ ਤੂੜੀ ਵਾਲੇ ਅੰਦਰ ਵਾੜ ਕੇ ਕੁੱਟਣਾ ਹੈ। ਇਹ ਬਹੁਤ ਗੰਭੀਰ ਮੁੱਦਾ ਹੈ। ਭਾਵੇਂ ਸਰੀਆਂ ਕੋਲ ਕਾਬਲੀਅਤ ਹੈ ਪਰ ਇਸ 'ਤੇ ਵੀ ਮੀਟਿੰਗ ਹੋਏਗੀ ਤੇ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।

ਟੋਲ ਪਲਾਜ਼ਾ 'ਤੇ ਧਰਨਿਆਂ ਬਾਰੇ ਉਨ੍ਹਾਂ ਕਿਹਾ ਕਿ ਤੈਅ ਰੂਟਾਂ ਮੁਤਾਬਕ 11 ਤਰੀਕ ਦੇ ਫਤਹਿ ਮਾਰਚ ਤੋਂ ਬਾਅਦ 13 ਦੰਸਬਰ ਨੂੰ ਦਰਬਾਰ ਸਾਹਿਬ ਅਰਦਾਸ ਉਪਰੰਤ 15 ਦਸੰਬਰ ਨੂੰ ਟੋਲ ਤੋਂ ਸਾਰੇ ਧਰਨੇ ਚੱਕਣੇ ਸੀ ਪਰ ਪਤਾ ਚੱਲਿਆ ਕਿ ਟੋਲ ਵਾਲਿਆਂ ਨੇ ਰੇਟ ਲਗਪਗ ਦੁੱਗਣੇ ਕਰ ਦਿੱਤੇ ਹਨ। ਇਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਕਿ ਜਦੋਂ ਤੱਕ ਪਹਿਲਾਂ ਵਾਲਾ ਰੇਟ ਨਹੀਂ ਕੀਤਾ ਜਾਂਦਾ, ਓਨੀ ਦੇਰ ਟੋਲ ਤੇ ਧਰਨੇ ਜਾਰੀ ਰਹਿਣਗੇ।