ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋ ਲਾਏ ਬੇਅਦਬੀ ਦੇ ਝੂਠੇ ਇਲਜਾਮ ਵਿਸ਼ੇਸ ਜਾਂਚ ਟੀਮ ਵੱਲੋ ਗਲਤ ਸਾਬਿਤ ਹੋਏ।ਪੰਜਾਬ  ਦੇ ਪਿਛਲੇ ਸਮੇਂ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਬੜੀਆਂ ਦੁਖਦਾਈ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਸਾਰੀ ਮਾਨਵਤਾ ਦੇ ਭਲੇ ਲਈ ਉਪਦੇਸ਼ ਦਿੰਦੀ ਹੈ। ਕੋਈ ਵੀ ਗੁਰੂ ਸਾਹਿਬ ਨੂੰ ਮੰਨਣ ਵਾਲਾ ਪ੍ਰਾਣੀ ਅਤੇ ਗੁਰਸਿੱਖ ਗੁਰੂ ਸਾਹਿਬ ਦੀ ਅਜ਼ਮਤ ਅਤੇ ਮਹਾਨਤਾ ਪ੍ਰਤੀ ਘਾਟਾ  ਹੁੰਦਾ ਬਰਦਾਸ਼ਤ ਨਹੀਂ ਕਰ ਸਕਦਾ। ਗੁਰੂ ਘਰ  ਵਿਚ ਸ਼ਰਧਾ ਰੱਖਣ ਵਾਲਾ ਕੋਈ ਵੀ ਪੰਥ ਦਰਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਕਰਵਾ ਸਕਦਾ ਅਤੇ ਨਾ ਹੀ ਨਿਰਾਦਰ ਸਹਿ ਸਕਦਾ ਹੈ। ਝੂਠ ਬੋਲਕੇ ਅਤੇ ਕੂੜ ਪ੍ਰਚਾਰ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਕਿਸੇ ਵੀ ਵਿਅਕਤੀ ਜਾਂ ਸੰਸਥਾ ਉੱਪਰ ਇਲਜ਼ਾਮ ਲਗਾਉਣਾ ਆਪਣੇ ਆਪ ਵਿੱਚ ਘੋਰ ਪਾਪ ਕਮਾਉਣ ਦੇ ਬਰਾਬਰ ਹੈ। 


ਅਕਾਲੀ ਦਲ ਆਗੂਆਂ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਦੌਰਾਨ ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੀਆਂ ਰਾਜਸੀ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਿਆਸਤ ਖੇਡੀ ਗਈ ਜਿਸ ਦੀ ਨਿੰਦਿਆ ਹੋਣੀ ਚਾਹੀਦੀ ਹੈ। ਇਹ ਸਿੱਖਾਂ ਦੇ ਜਜ਼ਬਾਤਾਂ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਗਿਆ ਹੈ। ਇਸ ਸੰਵੇਦਨਸ਼ੀਲ ਮਸਲੇ ਨੂੰ ਲੈਕੇ ਇਨਾਂ ਰਾਜਸੀ ਪਾਰਟੀਆਂ ਨੇ ਬਿਨਾਂ ਪਰਵਾਹ ਕੀਤਿਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ  ਉਪਰ ਗਲਤ ਇਲਜ਼ਾਮ ਲਗਾਏ ਜਿਨ੍ਹਾਂ ਨੂੰ ਸ਼ੀਠ ਦੀ ਰਿਪੋਰਟ ਨੇ ਝੂਠਾ ਸਾਬਿਤ ਕਰ ਦਿੱਤਾ।ਸ਼੍ਰੋਮਣੀ ਅਕਾਲੀ ਦਲ ਦਾ ਸੌ ਸਾਲ ਪੁਰਾਣਾ ਇਤਿਹਾਸ ਹੈ ਜਿਸ ਵਿੱਚ ਬੜੇ ਵੱਡੇ ਸੰਘਰਸ਼ ਕੀਤੇ ਗਏ ਅਤੇ ਅਕਾਲੀ ਦਲ ਦੇ ਯੋਧਿਆਂ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ। ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਵਜੋਂ ਸਾਰੀ ਦੁਨੀਆਂ ਵਿੱਚ ਸਿੱਖ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ। ਸ਼੍ਰੋਮਣੀ ਅਕਾਲੀ ਦਲ ਜਾਂ ਉਸ ਦੀ ਲੀਡਰਸ਼ਿਪ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿਚ ਇਲਜ਼ਾਮ ਲਗਾਉਣੇ ਕਿਸੇ ਵੀ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਪ੍ਰਵਾਨ ਨਹੀਂ।


      ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਘਟੀਆ ਅਤੇ ਘਿਨਾਉਣੀ ਸੋਚ ਦਾ ਸ਼ਿਕਾਰ ਬਣਾਇਆ ਪਰ ਸ਼ੀਠ ਦੀ ਰਿਪੋਰਟ ਨੇ ਇਨ੍ਹਾਂ ਦੀ ਬੇਗੁਨਾਹੀ ਸਾਬਿਤ ਕਰ ਦਿੱਤੀ। ਜਸਟਿਸ ਜ਼ੋਰਾ ਸਿੰਘ  ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ  ਦੇ ਨਾਲ ਬਣਾਈਆਂ ਵੱਖ ਵੱਖ ਵਿਸ਼ੇਸ਼ ਜਾਂਚ ਟੀਮਾਂ  ਦੀਆਂ ਰਿਪੋਰਟਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਲੀਡਰ ਨੂੰ ਦੋਸ਼ੀ ਨਹੀਂ ਬਣਾਇਆ। ਇਹ ਕਮਿਸ਼ਨ ਤੇ ਵਿਸ਼ੇਸ਼ ਜਾਂਚ ਟੀਮਾਂ ਦੀਆਂ ਰਿਪੋਰਟਾਂ ਕਾਂਗਰਸ ਅਤੇ ਆਪ ਦੀਆਂ ਸਰਕਾਰਾਂ ਦੀ ਦੇਖ ਰੇਖ ਹੇਠ ਬਣੀਆਂ ਹਨ।  


       ਫਿਰ ਇਸ ਤੋ ਇਹ ਸਾਬਿਤ ਹੁੰਦਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਬੜੀ ਮਾੜੀ  ਸੋਚ ਅਪਣਾਉਂਦੇ ਹੋਏ ਸਿੱਖ ਪੰਥ ਦੇ ਬਹੁਤ ਗੰਭੀਰ ਮਸਲੇ ਉੱਪਰ ਹਲਕੀ ਸਿਆਸਤ ਖੇਡੀ ਹੈ। ਇਸ ਤਰੀਕੇ ਨਾਲ ਕੋਈ ਵੀ ਧਾਰਮਿਕ ਸੋਚ ਰੱਖਣ ਵਾਲੀ ਜਥੇਬੰਦੀ ਜਾਂ ਵਿਅਕਤੀ ਧਰਮ ਦੀ ਆੜ ਥੱਲੇ ਝੂਠ ਬੋਲ ਕੇ ਧਰਮ ਦਾ ਨਿਰਾਦਰ ਨਹੀਂ ਕਰਦਾ ਜੋ ਇਨ੍ਹਾਂ ਪਾਰਟੀਆਂ ਨੇ ਕੀਤਾ ਹੈ। ਇਸ ਲਈ  ਇਨ੍ਹਾਂ ਦੋਹਾਂ ਪਾਰਟੀਆਂ ਦੇ ਆਗੂਆਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ।  


       ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸ਼ੀਠ ਦੀ ਰਿਪੋਰਟ ਜਨਤਕ ਤੌਰ ਤੇ ਜਾਰੀ ਕਰ ਦਿੱਤੀ ਹੈ ਜੋ ਇਹ ਸਾਰੀਆਂ ਗੱਲਾਂ ਦੀ ਪ੍ਰੋੜ੍ਹਤਾ ਕਰਦੀ ਹੈ। ਹੁਣ ਜਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਕੂੜ ਪ੍ਰਚਾਰ ਸਾਬਿਤ ਹੋ ਗਿਆ ਅਤੇ ਇਨ੍ਹਾਂ ਪਾਰਟੀਆਂ ਦੇ ਲੀਡਰਾਂ ਨੇ ਆਪਣੀ ਹੀ ਸਰਕਾਰ ਦੀ ਦੇਖ ਰੇਖ ਹੇਠ ਬਣਾਈ ਸ਼ੀਠ  ਦੀ ਰਿਪੋਰਟ ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਗੱਲ ਤੋ ਦੁਬਾਰਾ ਫਿਰ ਇਹ ਸੰਕੇਤ  ਮਿਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਥ ਦੇ ਜਜ਼ਬਾਤਾਂ ਨਾਲ ਖੇਡਦੇ ਹੋਏ ਉਨ੍ਹਾਂ ਦੇ ਜ਼ਖ਼ਮਾਂ ਤੇ ਲੂਣ ਭੁਕਣਾ ਚਾਹੁੰਦੀ ਹੈ। ਸਾਰਾ ਸਿੱਖ ਜਗਤ ਇਸ ਤਰ੍ਹਾਂ ਦੀ  ਮਾੜੀ ਰਾਜਨੀਤੀ ਕਰਨ ਵਾਲਿਆਂ ਤੋਂ ਪਰੇਸ਼ਾਨ ਹੈ ਅਤੇ ਸਮੁੱਚਾ ਸਿੱਖ ਪੰਥ ਉਡੀਕ ਵਿੱਚ ਹੈ ਕਿ ਕਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀਆਂ ਨੂੰ ਸਜ਼ਾ ਮਿਲੇਗੀ ਤਾਂ ਜੋ ਇਹ ਦਰਦ  ਭਰੇ ਸਾਕੇ ਦਾ ਅੰਤ ਹੋਵੇ। ਗੁਰੁ ਗ੍ਰੰਥ ਸਾਹਿਬ ਜੀ ਦੀ ਮਹਿਰ ਸਦਕਾ ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਅਤੇ ਲੀਡਰਾਂ ਦੇ ਝੂਠ ਨੂੰ ਨਿਕਾਰ ਕੇ ਸੱਚ ਸਾਬਿਤ ਹੋਇਆ ਹੈ। ਜੋ ਕਿ ਗੁਰਬਾਣੀ ਦੇ ਫਲਸਫੇ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ ਦੇ ਅਨੁਸਾਰ ਸਾਹਮਣੇ ਆਇਆ ਹੈ।