‘ਆਪ’ ਸਰਕਾਰ ਦੇ 90 ਦਿਨਾਂ ਦੇ ਕਾਰਜਕਾਲ 'ਚ ਹੀ ਸੁਰੱਖਿਆ ਦਾਅ ’ਤੇ ਲੱਗੀ, ਰੋਜ਼ਾਨਾ ਹੋ ਰਹੇ ਕਤਲ, ਵਪਾਰੀਆਂ, ਡਾਕਟਰਾਂ ਤੇ ਲੀਡਰਾਂ ਨੂੰ ਮਿਲ ਰਹੀਆਂ ਧਮਕੀਆਂ: ਰਾਜਾ ਵੜਿੰਗ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਸੂਬੇ ਵਿੱਚ ਹੁਣ ਆਗੂ ਵੀ ਸੁਰੱਖਿਅਤ ਨਹੀਂ ਰਹੇ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਸੂਬੇ ਵਿੱਚ ਹੁਣ ਆਗੂ ਵੀ ਸੁਰੱਖਿਅਤ ਨਹੀਂ ਰਹੇ ਤੇ ਅਮਨ ਕਾਨੂੰਨ ਦੀ ਵਿਵਸਥਾ ਹੁਣ ਖ਼ਰਾਬ ਹੋ ਗਈ ਹੈ। ‘ਆਪ’ ਸਰਕਾਰ ਦੇ 90 ਦਿਨਾਂ ਦੇ ਕਾਰਜਕਾਲ ਦੌਰਾਨ ਰੋਜ਼ਾਨਾ ਸੂਬੇ ਵਿੱਚ ਕਤਲ ਹੋ ਰਹੇ ਹਨ ਤੇ ਆਮ ਲੋਕਾਂ ਦੀ ਸੁਰੱਖਿਆ ਦਾਅ ’ਤੇ ਲੱਗ ਗਈ ਹੈ।
ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਅਤਿਵਾਦ ਦੇ ਸਮੇਂ ਨਾਲੋਂ ਵੀ ਭੈੜੇ ਹਾਲਾਤ ਹਨ। ਲੋਕਾਂ ਵਿੱਚ ਇੰਨਾ ਡਰ ਉਦੋਂ ਵੀ ਨਹੀਂ ਸੀ, ਜਿੰਨਾ ਹੁਣ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ, ਡਾਕਟਰਾਂ ਤੇ ਆਗੂਆਂ ਨੂੰ ਫੋਨਾਂ ’ਤੇ ਧਮਕੀਆਂ ਮਿਲ ਰਹੀਆਂ ਹਨ ਤੇ ਲੋਕ ਹੁਣ ਫ਼ੋਨ ਚੁੱਕਣ ਤੋਂ ਵੀ ਡਰਨ ਲੱਗ ਪਏ ਹਨ।
ਉਨ੍ਹਾਂ ਕਿਹਾ ਕਿ ਇੱਕ ਡਾਕਟਰ ਨੇ ਫ਼ੋਨ ਚੁੱਕ ਲਿਆ ਤੇ ਉਸ ਨੇ ਫਿਰੌਤੀ ਦੇ ਕੇ ਜਾਨ ਛੁਡਾਈ। ਪੰਜਾਬ ਵਿੱਚ ਜੰਗਲ ਰਾਜ ਹੋਣ ਦਾ ਦਾਅਵਾ ਕਰਦਿਆਂ ਵੜਿੰਗ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਕਿਤੇ ਪੰਜਾਬ ਵਿੱਚ ਹਾਲਾਤ ਬੇਕਾਬੂ ਨਾ ਹੋ ਜਾਣ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਮੁੱਖ ਮੰਤਰੀ ਤੇ ਡੀਜੀਪੀ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਨਾ ਕੋਈ ਮੀਟਿੰਗ ਕੀਤੀ ਗਈ ਹੈ ਤੇ ਨਾ ਹੀ ਹਾਲਾਤ ਦੀ ਸਮੀਖਿਆ ਕੀਤੀ ਗਈ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਅਤਿਵਾਦ ਦਾ ਦੌਰ ਆਉਣ ਤੋਂ ਪਹਿਲਾਂ ਵੀ ਇਹੋ ਜਿਹੇ ਹਾਲਾਤ ਹੀ ਬਣੇ ਹੋਏ ਸਨ। ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਰੋਜ਼ਾਨਾ ਕਾਂਗਰਸੀ ਆਗੂਆਂ ਨੂੰ ਧਮਕੀਆਂ ਮਿਲ ਰਹੀਆਂ ਹਨ।
ਬਾਜਵਾ ਨੇ ਕਿਹਾ ਕਿ ਸੋਨੀ ਨੂੰ ਧਮਕੀ ਮਿਲੀ ਹੈ ਪਰ ਮੁੱਖ ਮੰਤਰੀ ਕੁਝ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਫ਼ੋਨ ਕਰਕੇ ਧਮਕਾਇਆ ਜਾ ਰਿਹਾ ਹੈ ਤੇ ਫਿਰੌਤੀਆਂ ਮੰਗੀਆਂ ਜਾ ਰਹੀ ਹੈ। ਗੈਂਗਸਟਰਾਂ ਵੱਲੋਂ ਸਰਪੰਚਾਂ ਤੱਕ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਅਮਨ ਕਾਨੂੰਨ ਦੀ ਵਿਵਸਥਾ ਦਾ ਮੁੱਦਾ ਬਜਟ ਸੈਸ਼ਨ ਵਿੱਚ ਉਠਾਉਣਗੇ।