Punjab News: ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਚੈਕਿੰਗ ਦੌਰਾਨ ਗੰਦੇ ਬੈੱਡ 'ਤੇ ਲਿਟਾਏ ਜਾਣ ਤੋਂ ਬਾਅਦ ਇਸ ਵਤੀਰੇ ਖਿਲਾਫ ਜਿੱਥੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਅਸਤੀਫਾ ਦੇ ਦਿੱਤਾ ਹੈ ਉੱਥੇ ਹੀ ਵਿਭਾਗ ਦੇ ਹੋਰ ਲੋਕਾਂ ਵੱਲੋਂ ਵੀਸੀ ਦਾ ਸਮਰਥਨ ਅਤੇ ਸਿਹਤ ਮੰਤਰੀ ਦੇ ਵਤੀਰੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਖਿਲਾਫ ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਦੇਵਗਨ ਵੱਲੋਂ ਆਪਣਾ ਅਹੁਦਾ ਅਤੇ ਮਾਈਕ੍ਰੋਬਾਇਲੌਜੀ ਦੇ ਪ੍ਰੋਫੈਸਰ ਡਾ. ਕੰਵਰਦੀਪ ਸਿੰਘ ਵੱਲੋਂ ਆਪਣਾ ਐਡੀਸ਼ਨਲ ਚਾਰਜ ਛੱਡਣ ਦੀ ਪੇਸ਼ਕਸ਼ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਨੇ ਇਸ ਪਿੱਛੇ ਨਿੱਜੀ ਕਾਰਨ ਦੱਸੇ ਹਨ ਪਰ ਇਸ ਪਿੱਛੇ ਮੰਤਰੀ ਦਾ ਰਵੱਈਆ ਦੱਸਿਆ ਜਾ ਰਿਹਾ ਹੈ।
ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਵਤੀਰੇ ਤੋਂ ਨਿਰਾਸ਼ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਤੀਫ਼ਾ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਉਹਨਾਂ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੈ ਕਿ ਉਹਨਾਂ ਨੂੰ ਅਜਿਹੇ ਵਤੀਰੇ ਦਾ ਸਾਹਮਣਾ ਕਰਨਾ ਪਿਆ ਹੋਵੇ ।
ਦਰਅਸਲ ਬੀਤੇ ਦਿਨ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਜੋ ਕੱਲ੍ਹ ਉੱਥੇ ਚੈਕਿੰਗ ਕਰਨ ਪਹੁੰਚੇ ਸਨ, ਮਾੜੇ ਪ੍ਰਬੰਧਾਂ ਨੂੰ ਦੇਖ ਕੇ ਗੁੱਸੇ ਵਿੱਚ ਆਏ ਸਿਹਤ ਮੰਤਰੀ ਨੇ ਗੰਦੇ ਬੈੱਡ ’ਤੇ ਹੀ ਵੀਸੀ ਨੂੰ ਲਿਟਾ ਦਿੱਤਾ ਸੀ। ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਅਤੇ ਸਿਹਤ ਮੰਤਰੀ ਦੇ ਇਸ ਵਤੀਰੇ ਤੋਂ ਨਾਰਾਜ਼ ਵੀ.ਸੀ ਡਾ: ਰਾਜ ਬਹਾਦਰ ਨੇ ਰਾਤ ਨੂੰ ਹੀ ਆਪਣਾ ਅਸਤੀਫਾ ਮੱਖ ਮੰਤਰੀ ਨੂੰ ਭੇਜ ਦਿੱਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਮੰਤਰੀ ਦੇ ਵਿਵਹਾਰ ਦੀ ਵਿਰੋਧੀਆਂ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਸੀ ਅਤੇ ਆਪਣੇ ਇਸ ਵਤੀਰੇ ਲਈ ਸਿਹਤ ਮੰਤਰੀ ਤੋਂ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ। ਸਾਬਕਾ ਕਾਂਗਰਸੀ ਮੰਤਰੀ ਪਰਗਟ ਸਿੰਘ ਨੇ ਮੰਤਰੀ 'ਤੇ ਤਿੱਖਾ ਹਮਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 12ਵੀਂ ਪਾਸ ਮੰਤਰੀ ਨੇ ਚੋਣ ਪ੍ਰਚਾਰ ਲਈ ਵਾਈਸ ਚਾਂਸਲਰ (ਵੀਸੀ) ਦਾ ਜਨਤਕ ਤੌਰ 'ਤੇ ਅਪਮਾਨ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਤੋਂ ਇਲਾਵਾ ਅਕਾਲੀ ਦਲ ਨੇ ਵੀ ਇਤਰਾਜ਼ ਉਠਾਉਂਦਿਆਂ ਮੰਤਰੀ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਸਾਬਕਾ ਅਕਾਲੀ ਮੰਤਰੀ ਡਾ: ਦਲਜੀਤ ਚੀਮਾ ਨੇ ਕਿਹਾ ਕਿ ਵਾਈਸ ਚਾਂਸਲਰ ਡਾ: ਰਾਜ ਬਹਾਦਰ ਅੰਤਰਰਾਸ਼ਟਰੀ ਸ਼ਖ਼ਸੀਅਤ ਹਨ | ਉਨ੍ਹਾਂ ਨਾਲ ਦੁਰਵਿਵਹਾਰ ਨਿੰਦਣਯੋਗ ਹੈ। ਜਦੋਂ ਉਹ ਸਿੱਖਿਆ ਮੰਤਰੀ ਵਜੋਂ ਬਾਬਾ ਫ਼ਰੀਦ ਯੂਨੀਵਰਸਿਟੀ ਗਏ ਸਨ ਤਾਂ ਉਨ੍ਹਾਂ ਨੇ ਡਾ: ਰਾਜ ਬਹਾਦਰ ਨੂੰ ਆਪਣੀ ਕੁਰਸੀ 'ਤੇ ਬਿਠਾਇਆ ਸੀ। ਉਹ ਬਹੁਤ ਹੀ ਸਤਿਕਾਰਤ ਸ਼ਖਸੀਅਤ ਹਨ।