CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਅਹਿਮ ਮੀਟਿੰਗ ਬੁਲਾ ਲਈ ਹੈ। ਉਹ ਆਪਣੇ ਕਾਫਲੇ ਨਾਲ ਹਸਪਤਾਲ ਤੋਂ ਆਪਣੇ ਘਰ ਪਹੁੰਚ ਗਏ ਹਨ। ਹਸਪਤਾਲ 'ਚੋਂ ਨਿਕਲਦੇ ਹੀ ਮੁੱਖ ਮੰਤਰੀ ਨੇ ਅੱਜ ਸ਼ਾਮ 5 ਵਜੇ ਮੁੱਖ ਮੰਤਰੀ ਨਿਵਾਸ 'ਤੇ ਅਹਿਮ ਮੀਟਿੰਗ ਬੁਲਾ ਲਈ ਹੈ। ਦੱਸ ਦਈਏ ਕਿ ਉਨ੍ਹਾਂ ਨੂੰ 26 ਸਤੰਬਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਹੋਰ ਪੜ੍ਹੋ : CM ਮਾਨ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਘਰ ਲਈ ਹੋਏ ਰਵਾਨਾ
ਸੂਤਰਾਂ ਮੁਤਾਬਕ ਇਹ ਮੀਟਿੰਗ ਮੰਡੀਆਂ ਵਿੱਚ ਖਰੀਦ ਦੇ ਮੁੱਦੇ ਨੂੰ ਲੈ ਕੇ ਬੁਲਾਈ ਗਈ ਹੈ। ਇਸ ਮੀਟਿੰਗ 'ਚ ਮੁੱਖ ਮੰਤਰੀ ਮੰਡੀਆਂ 'ਚ ਵਿਵਸਥਾ ਸੁਧਾਰਨ ਲਈ ਸਖਤ ਆਦੇਸ਼ ਦੇ ਸਕਦੇ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਕਈ ਵਿਧਾਇਕ ਤੇ ਮੰਤਰੀ ਸੀਐਮ ਭਗਵੰਤ ਮਾਨ ਨੂੰ ਮਿਲਣ ਹਸਪਤਾਲ ਪਹੁੰਚੇ। ਇਨ੍ਹਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹਰਜੋਤ ਸਿੰਘ ਬੈਂਸ ਸ਼ਾਮਲ ਸਨ।
CM ਮਾਨ ਵੱਲੋਂ ਐਕਸ (ਪਹਿਲਾਂ ਟਵਿੱਟਰ) ਉੱਤੇ ਪੋਸਟ ਕਰਕੇ ਦੱਸਿਆ ਹੈ ਕਿ ਮੰਡੀਆਂ 'ਚ ਫ਼ਸਲਾਂ ਦੀ ਖਰੀਦ ਅਤੇ ਉਸ ਦੇ ਪੁਖ਼ਤਾ ਪ੍ਰਬੰਧਾਂ ਨੂੰ ਲੈ ਕੇ ਇਹ ਮੀਟਿੰਗ ਸੱਦੀ ਗਈ ਹੈ।
ਦੱਸ ਦਈਏ ਕਿ 50 ਸਾਲਾ ਸੀਐਮ ਭਗਵੰਤ ਮਾਨ ਨੂੰ ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸ਼ਨੀਵਾਰ ਨੂੰ ਜਾਰੀ ਮੀਡੀਆ ਬੁਲੇਟਿਨ 'ਚ ਦੱਸਿਆ ਗਿਆ ਕਿ ਪਲਮਨਰੀ ਆਰਟਰੀ 'ਚ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਹੁਣ ਹੱਲ ਹੋ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਖੂਨ ਦੀ ਜਾਂਚ ਦੀ ਰਿਪੋਰਟ ਵਿੱਚ ਲੈਪਟੋਸਪਾਇਰੋਸਿਸ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਐਂਟਰੀ ਬਾਇਓਟਿਕਸ 'ਤੇ ਰੱਖਿਆ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਵਿੱਚ ਵੀ ਆਪਣੇ ਕੰਮ ਨੂੰ ਲੈ ਕੇ ਐਕਟਿਵ ਰਹੇ। ਉਨ੍ਹਾਂ ਨੇ ਸ਼ੁੱਕਰਵਾਰ ਦੁਪਹਿਰ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਨਾਲ ਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।