ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਦੀ ਸਾਬਕਾ ਕਾਂਗਰਸੀ ਮੰਤਰੀਆਂ ਖਿਲਾਫ ਸਖਤੀ ਮਗਰੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਆ ਗਈ ਹੈ। ਜਿੱਥੇ ਕਾਂਗਰਸ ਇਸ ਨੂੰ ਬਦਲੇ ਦੀ ਭਾਵਨਾ ਨਾਲ ਵਿਜੀਲੈਂਸ ਬਿਉਰੋ ਦੀ ਦੁਰਵਰਤੋਂ ਦੇ ਇਲਜ਼ਾਮ ਲਾ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਇਸ ਨੂੰ ਭ੍ਰਿਸ਼ਟਾਚਾਰ ਖਿਲਾਫ ਜੰਗ ਦੱਸ ਰਹੀ ਹੈ। 


ਇਸ ਬਾਰੇ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉੱਪਰ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਕਾਂਗਰਸ ਲੀਡਰ ਪਹਿਲਾਂ ਵਿਜੀਲੈਂਸ ਬਿਉਰੋ ਨੂੰ ਵੰਗਾਰ ਰਹੇ ਹਨ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੋ। ਫਿਰ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਗ੍ਰਿਫਤਾਰੀ ਮੌਕੇ ਕਾਂਗਰਸੀ ਲੀਡਰ ਵਿਜੀਲੈਂਸ ਬਿਉਰੋ ਦੇ ਅਫਸਰਾਂ ਨਾਲ ਉਲਝ ਰਹੇ ਹਨ। 


ਆਮ ਆਦਮੀ ਪਾਰਟੀ ਨੇ ਵੀਡੀਓ ਟਵੀਟ ਕਰਦਿਆਂ ਕੈਪਸ਼ਨ ਲਿਖੀ ਹੈ ਕਿ “ਪਹਿਲਾਂ ਕਹਿੰਦੇ ਸੀ, ਸਾਨੂੰ ਫੜੋ ਲੋ, ਹੁਣ ਜਦੋਂ ਫੜ ਲਏ, ਕਹਿੰਦੇ ਕਿਉਂ ਫੜਿਆ। ਪੰਜਾਬ ਨੂੰ ਲੁੱਟਣ ਵਾਲਿਆਂ ਤੋਂ 1-1 ਪੈਸੇ ਦਾ ਹਿਸਾਬ ਲਵਾਂਗੇ”- ਮੁੱਖ ਮੰਤਰੀ ਭਗਵੰਤ ਮਾਨ 


 




ਉੱਥੇ ਹੀ ਹੁਣ ਸਾਬਕਾ ਸੀਐਮ ਚੰਨੀ ਸਮੇਤ ਪੰਜ ਹੋਰ ਸਾਬਕਾ ਕਾਂਗਰਸੀ ਮੰਤਰੀ ਪੰਜਾਬ ਸਰਕਾਰ ਦੀ ਰਾਡਾਰ 'ਤੇ ਨਜ਼ਰ ਆ ਰਹੇ ਹਨ। ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਮਨਪ੍ਰੀਤ ਬਾਦਲ ਤੇ ਓਪੀ ਸੋਨੀ 'ਤੇ ਹੁਣ ਸਰਕਾਰ ਦੀ ਨਜ਼ਰਾਂ ਟਿਕੀਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਗ੍ਰਾਂਟ ਵੰਡ ਦੇ ਮਾਮਲੇ 'ਚ ਕਾਰਵਾਈ ਦੀ ਰਡਾਰ 'ਤੇ ਹਨ।