ਮਾਨਸਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਿੱਧੂ ਮੂਸੇਵਾਲਾ ਦੇ ਜੱਦੀ ਪਿੰਡ ਜਾਣਗੇ ਜਿੱਥੇ ਉਹਨਾਂ ਵੱਲੋਂ ਪਰਿਵਾਰ ਨਾਲ ਮੁਲਾਕਾਤ ਕਰਕੇ ਸਿੱਧੂ ਮੂਸੇਵਾਲਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 8 ਵਜੇ ਸੀਐੱਮ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਣਗੇ। 


ਦਸ ਦਈਏ ਕਿ ਬੀਤੇ ਦਿਨ ਵੀ ਕਈ ਲੀਡਰਾਂ ਵੱਲੋਂ ਮੂਸੇਵਾਲਾ ਦੇ ਘਰ ਜਾ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ। ਜਿਹਨਾਂ 'ਚ ਅਕਾਲੀ ਦਲ ਦੇ ਸੁਖਬੀਰ ਬਾਦਲ, ਹਰਸਿਮਰਤ ਬਾਦਲ ਸਮੇਤ ਹੋਰ ਆਗੂ, ਵਿੱਤ ਮੰਤਰੀ ਹਰਪਾਲ ਚੀਮਾ, ਕੁੰਵਰ ਵਿਜੇ ਪ੍ਰਤਾਪ,  ਫਤਹਿ ਜੰਗ ਬਾਜਵਾ ਤੋਂ ਇਲਾਵਾ ਹੋਰ ਕਈ ਲੀਡਰਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ ਸੀ। 


ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿੱਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।


ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ 'ਚ ਉਨ੍ਹਾਂ ਦੇ ਕਤਲ ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਆਈਆਂ ਹਨ। ਰਿਪੋਰਟ 'ਚ ਖੁਲਾਸਾ ਹੋਇਆ ਕਿ ਉਸ ਦੇ ਸਰੀਰ 'ਤੇ 19 ਗੋਲੀਆਂ ਦੇ ਨਿਸ਼ਾਨ ਸਨ ਅਤੇ ਜ਼ਖਮੀ ਹੋਣ ਦੇ 15 ਮਿੰਟਾਂ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ।


ਸਿੱਧੂ ਮੂਸੇਵਾਲਾ ਦੇ ਸਰੀਰ 'ਤੇ 23 ਜ਼ਖ਼ਮ ਸਨ। ਸਰੀਰ ਦੇ ਅਗਲੇ ਹਿੱਸੇ ਵਿੱਚ 14-15 ਫਾਇਰ ਲੱਗੇ ਹੋਏ ਸਨ। ਇਸ ਦੇ ਨਾਲ ਹੀ ਉਸ ਦੇ ਸੱਜੇ ਹੱਥ ਦੀ ਕੂਹਣੀ 'ਤੇ ਤਿੰਨ-ਚਾਰ ਗੋਲੀਆਂ ਲੱਗੀਆਂ। ਉਸ ਦੇ ਸਰੀਰ 'ਤੇ ਤਿੰਨ ਤੋਂ ਪੰਜ ਸੈਂਟੀਮੀਟਰ ਤੱਕ ਦੇ ਜ਼ਖਮ ਮਿਲੇ ਹਨ।


ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਬੁੱਧਵਾਰ ਨੂੰ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਵਿਖੇ ਪਰਿਵਾਰ ਵੱਲੋਂ ਨਮ ਅੱਖਾਂ ਨਾਲ ਪ੍ਰਵਾਹ ਕੀਤੀਆਂ ਗਈਆਂ। ਸਿੱਧੂ ਮੂਸੇਵਾਲਾ ਦੇ ਪਿਤਾ ਦੀਆਂ ਅੱਖਾਂ ਵਿੱਚੋਂ ਸਤਲੁਜ ਵਾਂਗ ਹੰਝੂ ਵਹਿ ਤੁਰੇ ਤੇ ਇੱਕ ਪਿਤਾ ਆਪਣੇ ਲਾਲ ਲਈ ਰੋਂਦਾ ਰਿਹਾ। ਸਿੱਧੂ ਮੂਸੇਵਾਲਾ ਨੂੰ ਟਰੈਕਟਰਾਂ ਨਾਲ ਖਾਸ ਲਗਾਅ ਸੀ, ਉਹ ਆਪਣੇ ਕਈ ਗੀਤਾਂ ਵਿੱਚ ਆਪਣਾ ਪਸੰਦੀਦਾ ਟਰੈਕਟਰ ਦਿਖਾਉਣ ਦਾ ਮੌਕਾ ਨਹੀਂ ਖੁੰਝਦਾ ਸੀ। ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਵੀ ਆਪਣੇ ਚਹੇਤੇ ਟਰੈਕਟਰ 'ਤੇ ਕੱਢੀ ਗਈ।