ਬਰਨਾਲਾ: ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਅੱਗੇ ਈਟੀਟੀ ਅਧਿਆਪਕਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਧਰਨਾਕਾਰੀ ਅਧਿਆਪਕ ਆਪਣੀਆਂ ਡੈਪੂਟੇਸ਼ਨ ਬਦਲੀਆਂ ਰੱਦ ਕਰਨ ਦੀ ਮੰਗ ਕਰ ਰਹੇ ਹਨ ਜਿਸ ਨੂੰ ਲੈ ਕੇ ਐਤਵਾਰ ਤੋਂ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਹੈ ਤੇ ਰਾਤ ਭਰ ਵੀ ਅਧਿਆਪਕਾਂ ਦਾ ਧਰਨਾ ਜਾਰੀ ਰਿਹਾ।
ਉਧਰ, ਦੂਜੇ ਪਾਸੇ ਅੱਜ ਮੰਤਰੀ ਮੀਤ ਹੇਅਰ ਦੀ ਕੋਠੀ ਨੂੰ ਜਾਂਦੀ ਸੜਕ ਨੂੰ ਖੁੱਲ੍ਹਵਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ, ਜਿਸ ਨੂੰ ਕਿਸਾਨ ਆਗੂ ਮਨਜੀਤ ਧਨੇਰ ਵੱਲੋਂ ਖੁੱਲ੍ਹਵਾਇਆ ਗਿਆ। ਉੱਥੇ ਹੀ ਧਰਨਾਕਾਰੀ ਅਧਿਆਪਕਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਕਰਨ ਦੇ ਨਾਲ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵੀ ਲਾਏ। ਅਧਿਆਪਕ ਡੈਪੂਟੇਸ਼ਨ ਰੱਦ ਕਰਨ ਦੀ ਆਪਣੀ ਮੰਗ 'ਤੇ ਡਟੇ ਹੋਏ ਹਨ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਵੀ ਅਧਿਆਪਕਾਂ ਦੇ ਹੱਕ ਵਿੱਚ ਡਟੀਆਂ ਹਨ, ਕਿਸਾਨ ਆਗੂ ਮਨਜੀਤ ਧਨੇਰ ਨੇ ਹਰ ਪਾਸਿਓਂ ਅਧਿਆਪਕਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀ ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਦੀ ਤਾਇਨਾਤੀ ਉਨ੍ਹਾਂ ਦੇ ਆਪਣੇ ਸਟੇਸ਼ਨਾਂ ਤੋਂ 100 ਤੋਂ 200 ਕਿਲੋਮੀਟਰ ਦੂਰ ਸਕੂਲਾਂ ਵਿੱਚ ਕਰ ਦਿੱਤੀ ਹੈ ਜਿਸ ਕਾਰਨ ਅਧਿਆਪਕਾਂ ਨੂੰ ਇੰਨੀ ਦੂਰ ਡਿਊਟੀ 'ਤੇ ਜਾਣ ਲਈ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡੈਪੂਟੇਸ਼ਨ ਇਸ ਆਧਾਰ ’ਤੇ ਕੀਤਾ ਗਿਆ ਸੀ ਕਿ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਤੇ ਜਿਵੇਂ ਹੀ ਸੀਟਾਂ ਭਰੀਆਂ ਜਾਣਗੀਆਂ, ਉਨ੍ਹਾਂ ਦਾ ਡੈਪੂਟੇਸ਼ਨ ਰੱਦ ਕਰ ਦਿੱਤਾ ਜਾਵੇਗਾ।
ਸਿੱਖਿਆ ਵਿਭਾਗ ਨੇ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਇਹ ਡੈਪੂਟੇਸ਼ਨ ਰੱਦ ਕਰਨ ਦਾ ਭਰੋਸਾ ਦਿੱਤਾ ਸੀ, ਜੋ ਅੱਜ ਤੱਕ ਨਹੀਂ ਹੋਇਆ। ਇਸ ਕਰ ਕੇ ਉਹ ਮਜਬੂਰੀਵੱਸ ਆਪਣੀ ਮੰਗ ਲੈ ਕੇ ਸਿੱਖਿਆ ਮੰਤਰੀ ਦੇ ਘਰ ਪਹੁੰਚੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਦਕਿ ਉਲਟਾ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦਾ ਡੈਪੂਟੇਸ਼ਨ ਰੱਦ ਕਰਨ ਦੇ ਲਿਖਤੀ ਹੁਕਮ ਨਹੀਂ ਮਿਲ ਜਾਂਦੇ, ਉਹ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਧਰਨਾ ਜਾਰੀ ਰੱਖਣਗੇ।
ਇਸ ਮੌਕੇ ਕਿਸਾਨ ਆਗੂਆਂ ਮਨਜੀਤ ਸਿੰਘ ਧਨੇਰ ਤੇ ਨਰਾਇਣ ਦੱਤ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੀ ਮੰਗਾਂ ਜਾਇਜ਼ ਹਨ। ਸਰਕਾਰ ਨੂੰ ਤੁਰੰਤ ਉਨ੍ਹਾਂ ਦੀ ਮੰਗ ਮੰਨਣੀਆਂ ਚਾਹੀਦੀਆਂ ਹਨ। ਜਿੰਨਾ ਚਿਰ ਇਨ੍ਹਾਂ ਅਧਿਆਪਕਾਂ ਦਾ ਧਰਨਾ ਜਾਰੀ ਰਹੇਗਾ, ਉਨ੍ਹਾਂ ਦੀ ਹਮਾਇਤ ਜਾਰੀ ਰਹੇਗੀ ਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨਵੇਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲੱਗਿਆ ਅਧਿਆਪਕਾਂ ਦੀ ਪੱਕਾ ਧਰਨਾ, ਪੁਲਿਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ
abp sanjha
Updated at:
04 Apr 2022 03:58 PM (IST)
Edited By: sanjhadigital
ਬਰਨਾਲਾ: ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਅੱਗੇ ਈਟੀਟੀ ਅਧਿਆਪਕਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਧਰਨਾਕਾਰੀ ਅਧਿਆਪਕ ਆਪਣੀਆਂ ਡੈਪੂਟੇਸ਼ਨ ਬਦਲੀਆਂ ਰੱਦ ਕਰਨ ਦੀ ਮੰਗ ਕਰ ਰਹੇ ਹਨ
ਅਧਿਆਪਕਾਂ ਦਾ ਪ੍ਰਦਰਸ਼ਨ
NEXT
PREV
Published at:
04 Apr 2022 03:58 PM (IST)
- - - - - - - - - Advertisement - - - - - - - - -