Punjab News: ਬਿਜਲੀ ਕੱਟਾਂ ਨਾਲ ਦੇਸ਼ ਭਰ ਦੇ ਨਾਲ ਹੀ ਪੰਜਾਬ 'ਚ ਵੀ ਹੰਗਾਮਾ ਮੱਚਿਆ ਹੋਇਆ ਹੈ। ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਇਕੱਠੇ ਹੋਏ ਕਿਸਾਨਾਂ ਦੀ ਪੁਲਿਸ ਨਾਲ ਹੱਥੋਪਾਈ ਵੀ ਹੋਈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ ਜਾਗ ਕੇ ਕੱਟਣੀ ਪੈਂਦੀ ਹੈ।



ਕਿਸਾਨਾਂ ਨੇ ਇਲਜ਼ਾਮ ਲਾਏ ਕਿ ਨਵੀਂ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਨਾ ਤਾਂ ਉਨ੍ਹਾਂ ਦੇ ਖੇਤਾਂ ਨੂੰ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੇ ਘਰਾਂ ਨੂੰ ਬਿਜਲੀ ਮਿਲ ਰਹੀ ਹੈ। ਪਿੰਡਾਂ ਵਿੱਚ 24 ਘੰਟਿਆਂ ਵਿੱਚ 18-18 ਘੰਟੇ ਬਿਜਲੀ ਕੱਟ ਲੱਗ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਦਿਨ ਵਿੱਚ 4 ਘੰਟੇ ਬਿਜਲੀ ਮਿਲਦੀ ਹੈ ਉਹ ਵੀ ਟੁੱਟ-ਟੁੱਟ ਕੇ ਆ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਬਿਜਲੀ ਸਪਲਾਈ ਦੀ ਹਾਲਤ ਬਹੁਤ ਮਾੜੀ ਹੈ। ਘਰ ਬੈਠਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਸਰਕਾਰ ਨੇ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਲੋਕ ਬਿਜਲੀ ਨੂੰ ਹੀ ਤਰਸ ਰਹੇ ਹਨ ਜਿਸ ਦੇ ਰੋਸ 'ਚ ਉਨ੍ਹਾਂ ਵੱਲੋਂ ਬਿਜਲੀ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾ ਰਿਹਾ ਹੈ। 


7500 ਮੈਗਾਵਾਟ ਤੱਕ ਪਹੁੰਚੀ, ਸਪਲਾਈ ਸਿਰਫ 4400 ਮੈਗਾਵਾਟ


ਪੰਜਾਬ ਵਿੱਚ ਬਿਜਲੀ ਸੰਕਟ (Punjab Power Crisis) ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਪੰਜਾਬ ਵਿੱਚ 7500 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਦੇ ਮੁਕਾਬਲੇ ਪੂਰਤੀ ਸਿਰਫ਼ 4400 ਮੈਗਾਵਾਟ ਸੀ। ਪਾਵਰਕੌਮ (Punjab powercom) ਨੇ ਬਾਹਰੋਂ ਮਹਿੰਗੇ ਭਾਅ ’ਤੇ ਬਿਜਲੀ ਖਰੀਦੀ ਜੋ ਨਾਕਾਫ਼ੀ ਰਹੀ। ਉਦਯੋਗਾਂ ਨੂੰ ਸਾਢੇ ਛੇ ਘੰਟੇ ਤੱਕ ਦੀ ਕਟੌਤੀ (Power Cuts) ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪਿੰਡਾਂ ਵਿੱਚ 12 ਤੋਂ 13 ਘੰਟੇ ਤੇ ਸ਼ਹਿਰਾਂ ਵਿੱਚ ਤਿੰਨ ਤੋਂ ਚਾਰ ਘੰਟੇ ਦੀ ਕਟੌਤੀ ਕਾਰਨ ਲੋਕ ਬੇਹਾਲ ਹੋ ਗਏ।


ਸੂਬੇ 'ਚ ਬਿਜਲੀ ਸੰਕਟ ਦਰਮਿਆਨ ਪਾਵਰਕੌਮ ਨੇ ਵੀਰਵਾਰ ਨੂੰ ਰੋਪੜ ਦਾ ਇੱਕ ਯੂਨਿਟ ਦੁਪਹਿਰ ਕਰੀਬ 3 ਵਜੇ ਬੰਦ ਕਰ ਦਿੱਤਾ ਪਰ ਇਸ ਵੇਲੇ 210 ਮੈਗਾਵਾਟ ਦੇ ਇਸ ਯੂਨਿਟ ਤੋਂ ਸਿਰਫ਼ 84 ਮੈਗਾਵਾਟ ਬਿਜਲੀ ਮਿਲ ਰਹੀ ਹੈ, ਜਦੋਂਕਿ ਵੀਰਵਾਰ ਨੂੰ ਰੋਪੜ ਵਿੱਚ ਚਾਰ ਵਿੱਚੋਂ ਇੱਕ, ਤਲਵੰਡੀ ਸਾਬੋ ਵਿੱਚ ਤਿੰਨ ਵਿੱਚੋਂ ਦੋ ਤੇ ਗੋਇੰਦਵਾਲ ਸਾਹਿਬ ਦੇ ਦੋ ਯੂਨਿਟਾਂ ਵਿੱਚੋਂ ਇੱਕ ਬੰਦ ਰਿਹਾ। ਇਸ ਨਾਲ 1926 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ।