ਨਵੀਂ ਸਰਕਾਰ ਦੀ ਦਹਿਸ਼ਤ! ਆਦੇਸ਼ਾਂ ਨੂੰ ਪੂਰਾ ਕਰਨ 'ਚ ਕੁਤਾਹੀ ਨਾ ਹੋ ਜਾਵੇ, ਇਸ ਡਰੋਂ ਮਹਿਲਾ ਡਾਕਟਰ ਵੱਲੋਂ ਅਸਤੀਫਾ
ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਤਾਇਨਾਤ ਗਾਇਨਾਕੋਲੋਜਿਸਟ ਡਾ. ਪ੍ਰਗਿਆ ਖਨੂਜਾ ਨੇ ਆਪਣੇ ਘਰੇਲੂ ਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਤਾਇਨਾਤ ਗਾਇਨਾਕੋਲੋਜਿਸਟ ਡਾ. ਪ੍ਰਗਿਆ ਖਨੂਜਾ ਨੇ ਆਪਣੇ ਘਰੇਲੂ ਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਚੱਲਦਿਆਂ ਹਸਪਤਾਲ ਵਿੱਚ ਆਉਣ ਵਾਲੀਆਂ ਗਰਭਵਤੀ ਤੇ ਦੂਸਰੀਆਂ ਔਰਤਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਧਰ, ਮਹਿਲਾ ਡਾਕਟਰ ਪ੍ਰਗਿਆ ਖਨੂਜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਨਾਲ ਕੋਈ ਗਿਲਾ ਨਹੀਂ ਪਰ ਜੋ ਸਰਕਾਰੀ ਆਦੇਸ਼ ਦਿੱਤੇ ਜਾ ਰਹੇ ਹਨ, ਉਸ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਨਹੀਂ। ਉਨ੍ਹਾਂ ਆਦੇਸ਼ਾਂ ਨੂੰ ਪੂਰਾ ਕਰਨ ਵਿੱਚ ਉਸ ਵੱਲੋਂ ਕੁਤਾਹੀ ਨਾ ਹੋਵੇ, ਇਸ ਡਰ ਕਰਕੇ ਉਸ ਵੱਲੋਂ ਅਸਤੀਫਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਸਰਕਾਰੀ ਹਸਪਤਾਲ ਵਿੱਚ ਡਾ. ਪ੍ਰਗਿਆ ਦੇ ਕਮਰੇ ਨੂੰ ਤਾਲਾ ਲੱਗਾ ਹੋਇਆ ਹੈ। ਮਰੀਜ਼ ਬਾਹਰ ਹੀ ਬੈਠ ਕੇ ਡਾਕਟਰ ਦਾ ਇੰਤਜ਼ਾਰ ਕਰ ਰਹੇ ਸਨ। ਉਧਰ, ਸਰਕਾਰੀ ਨੌਕਰੀ ਤੋਂ ਆਪਣੇ ਅਸਤੀਫੇ ਮਗਰੋਂ ਡਾ. ਪ੍ਰਗਿਆ ਵੱਲੋਂ ਸਰਕਾਰੀ ਹਸਪਤਾਲ ਦੇ ਨੇੜੇ ਹੀ ਆਪਣੀ ਪ੍ਰਾਈਵੇਟ ਤੌਰ ’ਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਜਿੱਥੇ ਮਰੀਜ਼ਾਂ ਦਾ ਤਾਂਤਾ ਲੱਗਾ ਹੈ। ਆਪਣਾ ਅਸਤੀਫਾ ਦੇ ਚੁੱਕੀ ਗਾਇਨਾਕੋਲੋਜਿਸਟ ਡਾ. ਪ੍ਰਗਿਆ ਦਾ ਕਹਿਣਾ ਹੈ ਕਿ ਕੁਝ ਘਰੇਲੂ ਕਾਰਨਾਂ ਕਰਕੇ ਉਨ੍ਹਾਂ ਸਰਕਾਰੀ ਨੌਕਰੀ ਤੋਂ ਅਸਤੀਫਾ ਦਿੱਤਾ ਹੈ। ਭਵਿੱਖ ਵਿੱਚ ਉਹ ਆਪਣੀ ਪ੍ਰਾਈਵੇਟ ਪ੍ਰੈਕਟਿਸ ਹੀ ਕਰੇਗੀ।
ਉਧਰ ਮਹਿਲਾ ਡਾਕਟਰ ਨੇ ਕਿਹਾ ਕਿ ਸਰਕਾਰ ਨੇ ਜੋ ਆਦੇਸ਼ ਦਿੱਤੇ ਹਨ, ਉਹ ਸਹੀ ਜ਼ਰੂਰ ਹਨ ਪਰ ਹੋਣਾ ਇਹ ਚਾਹੀਦਾ ਚਾਹੀਦਾ ਕਿ ਡਾਕਟਰਾਂ ਤੋਂ ਇੱਕ ਵਾਰ ਉਨ੍ਹਾਂ ਦੀਆਂ ਦਿੱਕਤਾਂ ਬਾਰੇ ਵੀ ਪੁੱਛਿਆ ਜਾਂਦਾ। ਹਸਪਤਾਲਾਂ ਵਿੱਚ ਦਵਾਈਆਂ ਤੇ ਹੋਰ ਜੋ ਕਮੀਆਂ ਹਨ, ਪਹਿਲਾਂ ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਉਸ ਤੋਂ ਬਾਅਦ ਸਰਕਾਰੀ ਡਾਕਟਰਾਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ।
ਇਸ ਬਾਬਤ ਐਸਐਮਓ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਡਾ. ਪ੍ਰਗਿਆ ਵੱਲੋਂ ਆਪਣੇ ਅਸਤੀਫੇ ਵਿੱਚ ਨਿੱਜੀ ਤੇ ਘਰੇਲੂ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਵੱਲੋਂ ਸਿਵਲ ਸਰਜਨ ਗੁਰਦਾਸਪੁਰ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਵਿਭਾਗ ਨੂੰ ਅਗਲੀ ਰਿਪੋਰਟ ਭੇਜੀ ਜਾਵੇਗੀ।
ਉਨ੍ਹਾਂ ਕਿਹਾ ਕਿ ਡਾ. ਪ੍ਰਗਿਆ ਦੇ ਅਸਤੀਫੇ ਮਗਰੋਂ ਹਸਪਤਾਲ ਵਿੱਚ ਤਾਇਨਾਤ ਮਹਿਲਾ ਮੈਡੀਕਲ ਅਫ਼ਸਰਾਂ ਵੱਲੋਂ ਔਰਤਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ ਤੇ ਹਸਤਪਾਲ ਵਿੱਚ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਡਾਕਟਰਾਂ ਦੀ ਘਾਟ ਬਾਰੇ ਵੀ ਉਨ੍ਹਾਂ ਵੱਲੋਂ ਲਿਖ ਕੇ ਵਿਭਾਗ ਨੂੰ ਭੇਜਿਆ ਗਿਆ ਹੈ। ਡਾ. ਲਖਵਿੰਦਰ ਸਿੰਘ ਅਨੁਸਾਰ ਹੁਣ ਇੱਕ ਗਾਇਨਾਕੋਲੋਜਿਸਟ ਸਪੈਸ਼ਲਿਸਟ, ਮੈਡੀਕਲ ਸਪੈਸ਼ਲਿਸਟ ਤੇ ਸਰਜੀਕਲ ਸਪੈਸ਼ਲਿਸਟ ਡਾਕਟਰ ਦੀ ਹਸਪਤਾਲ ਵਿੱਚ ਮੁੱਖ ਤੌਰ ’ਤੇ ਘਾਟ ਦੱਸੀ ਜਾ ਰਹੀ ਹੈ।