ਕਾਂਗਰਸ ਛੱਡਣ ਦੇ ਐਲਾਨ ਮਗਰੋਂ ਜਾਖੜ ਨੂੰ ਬੀਜੇਪੀ ਦਾ ਆਫਰ, ਬਾਹਾਂ ਫੈਲਾ ਕੇ ਹੋਵੇਗਾ ਸੁਆਗਤ
Punjab News: ਕਾਂਗਰਸ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਦਿੱਗਜ ਆਗੂ ਸੁਨੀਲ ਜਾਖੜ ਉੱਪਰ ਦੂਜੀਆਂ ਪਾਰਟੀਆਂ ਦੀ ਅੱਖ ਹੈ। ਭਾਜਪਾ ਨੇ ਵੀ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
Punjab News: ਕਾਂਗਰਸ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਦਿੱਗਜ ਆਗੂ ਸੁਨੀਲ ਜਾਖੜ ਉੱਪਰ ਦੂਜੀਆਂ ਪਾਰਟੀਆਂ ਦੀ ਅੱਖ ਹੈ। ਭਾਜਪਾ ਨੇ ਵੀ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਭਾਜਪਾ ਆਗੂ ਤੇ ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਜਾਖੜ ਵੱਡੇ ਆਗੂ ਹਨ। ਜੇਕਰ ਹਾਈਕਮਾਂਡ ਸਹਿਮਤ ਹੋ ਜਾਂਦੀ ਹੈ ਤਾਂ ਅਸੀਂ ਅਜਿਹੇ ਲੀਡਰਾਂ ਦਾ ਬਾਹਾਂ ਫੈਲਾ ਕੇ ਸਵਾਗਤ ਕਰਾਂਗੇ।
ਬਾਜਵਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦੀ ਕਮਜ਼ੋਰੀ ਕਾਰਨ ਸੁਨੀਲ ਜਾਖੜ ਨਾਲ ਅਜਿਹਾ ਸਲੂਕ ਕੀਤਾ ਗਿਆ। ਉਨ੍ਹਾਂ ਨੂੰ ਮੁਅੱਤਲ ਕਰਨ ਤੇ ਅਹੁਦਿਆਂ ਤੋਂ ਹਟਾਉਣ ਲਈ ਕਿਹਾ ਗਿਆ ਸੀ। ਜਾਖੜ ਪਰਿਵਾਰ ਨੇ 50 ਸਾਲਾਂ ਤੋਂ ਇਸ ਪਾਰਟੀ ਲਈ ਖੂਬ ਮਿਹਨਤ ਕੀਤੀ ਤੇ ਜਾਖੜ ਦਾ ਪਾਰਟੀ ਛੱਡਣਾ ਕਾਂਗਰਸ ਲਈ ਹੀ ਨੁਕਸਾਨਦਾਇਕ ਹੈ।
ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਡੁੱਬ ਚੁੱਕੀ ਹੈ। ਕਾਂਗਰਸ ਵਿੱਚ ਅਨੁਸ਼ਾਸਨ ਨਹੀਂ। ਕਮਜ਼ੋਰ ਹਾਈਕਮਾਂਡ ਕਾਰਨ ਪੰਜਾਬ ਵਿੱਚ ਕਾਂਗਰਸ ਪ੍ਰਭਾਵਿਤ ਹੋਈ ਹੈ। ਅਗਲੀ ਵਾਰ ਕਾਂਗਰਸ ਨੂੰ 18 ਵਿੱਚੋਂ ਇੱਕ ਵੀ ਸੀਟ ਨਹੀਂ ਮਿਲੇਗੀ। ਇੰਨਾ ਹੀ ਨਹੀਂ ਬਾਜਵਾ ਨੇ ਕਿਹਾ ਕਿ ਜਾਖੜ ਤੋਂ ਬਾਅਦ ਵਾਰੀ ਨਵਜੋਤ ਸਿੰਘ ਸਿੱਧੂ ਦੀ ਹੈ। ਜੇਕਰ ਜਾਖੜ ਖਿਲਾਫ ਕਾਰਵਾਈ ਹੋ ਸਕਦੀ ਹੈ ਤਾਂ ਸਿੱਧੂ ਖਿਲਾਫ ਵੀ ਕਾਰਵਾਈ ਹੋਣੀ ਹੀ ਹੈ।
ਦਸ ਦਈਏ ਕਿ ਬੀਤੇ ਦਿਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਕਾਂਗਰਸ ਹਟਾਉਣ ਦੇ ਕੁਝ ਘੰਟਿਆਂ ਬਾਅਦ ਸ਼ਨੀਵਾਰ ਨੂੰ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਜਾਖੜ ਉਦੋਂ ਤੋਂ ਹੀ ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ ਸਨ ਜਦੋਂ ਤੋਂ ਪਾਰਟੀ ਨੇ ਉਨ੍ਹਾਂ ਖਿਲਾਫ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਾਰਵਾਈ ਕੀਤੀ ਸੀ।ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਉਨ੍ਹਾਂ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਕਾਂਗਰਸ ਛੱਡਣ ਦਾ ਐਲਾਨ ਕੀਤਾ। ਜਾਖੜ ਨੇ ਕਾਂਗਰਸ 'ਤੇ ਕਈ ਸਵਾਲ ਖੜ੍ਹੇ ਕਰਦੇ ਹੋਏ ਹਾਈਕਮਾਂਡ 'ਤੇ ਨਿਸ਼ਾਨਾ ਵੀ ਸਾਧਿਆ ।
ਸੁਨੀਲ ਜਾਖੜ ਨੇ ਅੰਬਿਕਾ ਸੋਨੀ ਦਾ ਨਾਂ ਲੈਂਦਿਆਂ ਸੋਨੀਆ ਗਾਂਧੀ ਨੂੰ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ।ਕਾਂਗਰਸ ਨੇ ਹਾਲ ਹੀ 'ਚ ਸੁਨੀਲ ਜਾਖੜ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਸੀ। ਪੰਜਾਬ ਕਾਂਗਰਸ ਨੇ ਉਨ੍ਹਾਂ ਨੂੰ ਦੋ ਸਾਲ ਲਈ ਪਾਰਟੀ ਤੋਂ ਮੁਅੱਤਲ ਕਰਨ ਦੀ ਸਿਫਾਰਿਸ਼ ਵੀ ਕੀਤੀ ਸੀ।
ਸੁਨੀਲ ਜਾਖੜ ਨੇ 13 ਮਈ ਨੂੰ ਉਦੈਪੁਰ 'ਚ ਪ੍ਰੈੱਸ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਲਈ ਫਲਾਈਟ ਦੀਆਂ ਟਿਕਟਾਂ ਵੀ ਬੁੱਕ ਕਰਵਾਈਆਂ ਗਈਆਂ ਸਨ ਪਰ ਬਾਅਦ 'ਚ ਉਸ ਨੇ ਆਪਣਾ ਮਨ ਬਦਲ ਲਿਆ ਅਤੇ 14 ਮਈ ਨੂੰ ਦੁਪਹਿਰ 12 ਵਜੇ ਫੇਸਬੁੱਕ ਲਾਈਵ 'ਤੇ ਆਪਣੇ ਮਨ ਦੀ ਗੱਲ ਕਹੀ।