ਵੱਡੀ ਖਬਰ! ਡੇਰਾਬੱਸੀ 'ਚ ਦਰਜਨਾਂ ਝੁੱਗੀਆਂ 'ਚ ਲੱਗੀ ਅੱਗ, ਜਿਉਂਦੀ ਸੜੀ ਡੇਢ ਸਾਲ ਦੀ ਬੱਚੀ
ਡੇਰਾਬੱਸੀ - ਇੱਖੇ ਦੇ ਨੇੜਲੇ ਪਿੰਡ ਸੁੰਡਰਾਂ ਦੀ ਨਦੀ ਨੇੜੇ ਸ਼ਾਮਲਾਟ ਜ਼ਮੀਨ 'ਚ ਬਣੀਆਂ ਮਜ਼ਦੂਰ ਪਰਿਵਾਰਾਂ ਦੀਆਂ 45 ਝੁੱਗੀਆਂ 'ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇੱਕ ਡੇਢ ਸਾਲਾ ਬੱਚੀ ਵੀ ਸੜ ਗਈ ਅਤੇ ਉਸ ਦੀ ਮੌਤ ਹੋ ਗਈ।
Punjab News: ਡੇਰਾਬੱਸੀ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਖੇ ਦੇ ਨੇੜਲੇ ਪਿੰਡ ਸੁੰਦਰਾਂ ਦੀ ਨਦੀ ਨੇੜੇ ਸ਼ਾਮਲਾਟ ਜ਼ਮੀਨ 'ਚ ਬਣੀਆਂ ਮਜ਼ਦੂਰ ਪਰਿਵਾਰਾਂ ਦੀਆਂ ਡੇਢ ਦਹਾਕਾ ਪੁਰਾਣੀਆਂ 40-45 ਝੁੱਗੀਆਂ 'ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਇੱਕ ਡੇਢ ਸਾਲਾ ਬੱਚੀ ਵੀ ਸੜ ਗਈ । ਝੁੱਗੀਆਂ ਸੜਨ ਨਾਲ ਲੱਖਾਂ ਰੁਪਏ ਦਾ ਘਰੇਲੂ ਸਮਾਨ ਵੀ ਸੜ ਕੇ ਸੁਆਹ ਹੋ ਗਿਆ।
ਹਾਦਸਾ ਸ਼ਨੀਵਾਰ ਸ਼ਾਮ ਕਰੀਬ 5:30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ।ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਖੇਤਾਂ ਵਿੱਚ ਲੱਗੀ ਅੱਗ ਨਾਲ ਉੱਠੀ ਚੰਗਿਆੜੀ ਝੁੱਗੀਆਂ ਤੱਕ ਵੀ ਪਹੁੰਚ ਗਈ ਸੀ। ਸਾਰੀਆਂ ਝੁੱਗੀਆਂ ਇੱਕ ਦੂਜੇ ਨਾਲ ਹੋਣ ਕਾਰਨ ਲਪੇਟ ਵਿੱਚ ਆ ਗਈਆਂ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਅੱਗ ਬੁਝਾਉਣ ਲਈ ਡੇਰਾਬੱਸੀ, ਪੰਚਕੂਲਾ ਅਤੇ ਚੰਡੀਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਦੱਸਿਆ ਜਾ ਰਿਹਾ ਹੈ ਕਿ ਇੱਕ ਕਿਸਾਨ ਨੇ ਆਪਣੀ ਕਣਕ ਦੀ ਫ਼ਸਲ ਵੱਢਣ ਤੋਂ ਬਾਅਦ ਨਾੜ ਨੂੰ ਅੱਗ ਲਗਾਈ ਸੀ ਗਰਮੀ ਜ਼ਿਆਦਾ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਕੇ ਨੇੜੇ ਦੀਆਂ ਝੁੱਗੀਆਂ ਤੱਕ ਪਹੁੰਚ ਗਈ। ਇਹ ਝੁੱਗੀਆਂ ਇੱਥੇ ਦਰਿਆ ਦੇ ਕੰਢੇ ਪਿਛਲੇ 25 ਸਾਲਾਂ ਤੋਂ ਵਸੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਪਰਵਾਸੀ ਲੋਕ ਰਹਿ ਰਹੇ ਸਨ। ਜਿਵੇਂ ਹੀ ਝੁੱਗੀ 'ਚ ਅੱਗ ਲੱਗੀ ਤਾਂ ਉਸ ਸਮੇਂ ਡੇਢ ਸਾਲ ਦੀ ਛੋਟੀ ਬੱਚੀ ਆਪਣੀ ਝੁੱਗੀ 'ਚ ਖੇਡ ਰਹੀ ਸੀ ਜੋ ਅੱਗ ਦੀ ਲਪੇਟ 'ਚ ਆ ਗਈ ਜਦੋਂ ਕਿ ਉਸਦੇ ਮਾਤਾ-ਪਿਤਾ ਆਪਣੇ ਕੰਮ ਲਈ ਬਾਹਰ ਗਏ ਹੋਏ ਸਨ।
ਜਦੋਂ ਤੱਕ ਕਿਸੇ ਨੂੰ ਪਤਾ ਲੱਗਾ ਕਿ ਇੱਕ ਛੋਟੀ ਬੱਚੀ ਵੀ ਹੈ, ਉਦੋਂ ਤੱਕ ਉਹ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਪੂਰੀ ਤਰ੍ਹਾਂ ਝੁਲਸ ਚੁੱਕੀ ਸੀ। ਮ੍ਰਿਤਕ ਲੜਕੀ ਦਾ ਪਰਿਵਾਰ ਮੂਲ ਰੂਪ ਤੋਂ ਯੂ.ਪੀ. ਦਾ ਰਹਿਣ ਵਾਲਾ ਹੈ। ਅੱਗ ਇੰਨੀ ਭਿਆਨਕ ਸੀ ਕਿ 45 ਤੋਂ 50 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਹ ਲੋਕ ਨੇੜੇ ਬਣੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰਾਧਾਵਾ ਵੀ ਮੌਕੇ 'ਤੇ ਪਹੁੰਚ ਗਏ ਅਤੇ ਬੇਘਰੇ ਝੁੱਗੀ-ਝੌਂਪੜੀ ਵਾਸੀਆਂ ਦੇ ਰਹਿਣ ਲਈ ਤਹਿਸੀਲਦਾਰ ਦੀ ਡਿਊਟੀ ਲਗਾ ਦਿੱਤੀ ਗਈ ਹੈ। ਵਿਧਾਇਕ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੇਘਰ ਹੋ ਚੁੱਕੇ ਇਨ੍ਹਾਂ ਝੁੱਗੀਆਂ ਵਾਲਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ |