Punjab News: ਸੂਬੇ 'ਚ ਜਾਰੀ ਹੋਈਆਂ ਸਖਤ ਪਾਬੰਦੀਆਂ, ਕਿਸੇ ਵੀ ਜਸ਼ਨ ਵਾਲੇ ਮੌਕੇ 'ਤੇ ਆਤਿਸ਼ਬਾਜੀ ਸਣੇ ਪਟਾਕੇ ਚਲਾਉਣ 'ਤੇ ਲੱਗੀ ਰੋਕ
ਆਤਿਸ਼ਬਾਜੀ ਸਣੇ ਇਹ ਵਾਲੇ ਪਟਾਕੇ ਚਲਾਉਣ 'ਤੇ ਲੱਗੀ ਰੋਕ, ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਖਤ ਪਾਬੰਦੀਆਂ ਵੀ ਜਾਰੀ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ ਉੱਤੇ ਵੀ ਪੋਸਟ ਪਾ ਕੇ ਲੋਕਾਂ ਨੂੰ ਇਸ ਚੀਜ਼ ਤੋਂ ਜਾਗਰੂਕ ਕਰਵਾਇਆ ਗਿਆ ਹੈ।

Kapurthala News: ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਮੱਦੇਨਜ਼ਰ, ਬੁੱਧਵਾਰ 7 ਮਈ ਨੂੰ ਦੇਸ਼ ਭਰ ਵਿੱਚ ਮੌਕ ਡਰਿੱਲਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ, ਪੰਜਾਬ ਦੇ ਵਿੱਚ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਪ੍ਰਸ਼ਾਸਨ ਵੱਲੋਂ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਜੇਕਰ ਐਮਰਜੈਂਸੀ 'ਚ ਅੱਗ ਲੱਗ ਜਾਂਦੀ ਹੈ ਜਾਂ ਕੋਈ ਵੀ ਸੰਕਟ ਵਾਲੀ ਸਥਿਤੀ ਬਣ ਜਾਂਦੀ ਹੈ, ਤਾਂ ਇਸ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਅਤੇ ਦੂਜੇ ਲੋਕਾਂ ਨੂੰ ਸੁਰੱਖਿਆ ਕਿਵੇਂ ਪ੍ਰਦਾਨ ਕਰਨੀ ਹੈ। ਪ੍ਰਸ਼ਾਸਨ ਵੱਲੋਂ ਕਈ ਹੋਰ ਗੱਲਾਂ ਵੀ ਦੱਸੀਆਂ ਗਈਆਂ ਜਿਨ੍ਹਾਂ ਰਾਹੀਂ ਕੋਈ ਵੀ ਐਮਰਜੈਂਸੀ ਵਿੱਚ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਿਵੇਂ ਕਰ ਸਕਦਾ ਹੈ। ਜਿਸ ਕਰਕੇ ਪੰਜਾਬ ਦੇ ਵਿੱਚ ਰਾਤ 9 ਵਜੇ ਬਲੈਕ ਆਊਟ ਕੀਤਾ ਗਿਆ। ਮੌਕ ਡਰਿੱਲ ਤੇ ਬਲੈਕਆਊਟ ਰਾਹੀਂ ਲੋਕਾਂ ਨੂੰ ਜੰਗ ਦੇ ਹਾਲਾਤਾਂ ਬਾਰੇ ਜਾਗਰੂਕ ਕੀਤਾ ਗਿਆ, ਉਥੇ ਹੀ ਕਪੂਰਥਲਾ ਦੇ ਜ਼ਿਲ੍ਹਾ ਮੈਜਿਸਟਰੇਟ (District Magistrate) ਵੱਲੋਂ ਸਖਤ ਪਾਬੰਦੀਆਂ ਵੀ ਜਾਰੀ ਕੀਤੀਆਂ ਗਈਆਂ ਹਨ।
ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰ ਸਣੇ ਆਤਿਸ਼ਬਾਜੀ 'ਤੇ ਬੈਨ
ਜੀ ਹਾਂ ਕਪੂਰਥਲਾ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲੋਕਾਂ ਦੀ ਭਲਾਈ ਦੇ ਲਈ ਸਖਤ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਨੋਟਿਸ ਜਾਰੀ ਕਰ ਦੱਸਿਆ ਹੈ ਕਿ ਜ਼ਿਲ੍ਹੇ ਦੇ ਵਿੱਚ ਆਤਿਸ਼ਬਾਜੀ ਸਣੇ ਪਟਾਕੇ ਚਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਹੈ- ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਐਕਟ, 1968 ਅਧੀਨ ਮੌਕ ਡ੍ਰਿੱਲਾਂ ਕੀਤੀਆਂ ਜਾ ਰਹੀਆਂ ਹਨ। ਆਮ ਤੌਰ 'ਤੇ ਵੇਖਣ ਵਿੱਚ ਆਉਂਦਾ ਹੈ ਕਿ ਆਏ ਦਿਨ ਵਿਆਹ ਸ਼ਾਦੀਆਂ, ਖੁਸੀਆਂ ਅਤੇ ਧਾਰਮਿਕ ਸਮਾਗਮਾਂ ਦੌਰਾਨ ਆਮ ਪਬਲਿਕ ਵਲੋਂ ਆਤਿਸ਼ਬਾਜੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰ ਸ਼ਾਮਲ ਹੁੰਦੇ ਹਨ, ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਪਟਾਖਿਆਂ ਨਾਲ ਸ਼ੋਰ ਸ਼ਰਾਬੇ ਨਾਲ ਆਮ ਪਬਲਿਕ ਵਿੱਚ ਡਰ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਜੁਲਾਈ ਮਹੀਨੇ ਤੱਕ ਇਹ ਹੁਕਮ ਜਾਰੀ ਰਹਿਣਗੇ
ਇਸ ਲਈ ਅਮਿਤ ਕੁਮਾਰ ਪੰਚਾਲ, ਆਈ.ਏ.ਐੱਸ.,ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਵਿਆਹ ਸ਼ਾਦੀਆਂ, ਖੁਸ਼ੀਆਂ ਅਤੇ ਧਾਰਮਿਕ ਸਮਾਗਮਾਂ ਦੌਰਾਨ ਆਮ ਪਬਲਿਕ ਵੱਲੋਂ ਚਲਾਈ ਜਾਂਦੀ ਆਤਿਸ਼ਬਾਜੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰ ਆਦਿ ਸ਼ਾਮਲ ਹਨ ਦੇ ਚਲਾਉਣ 'ਤੇ ਪੂਰਨ ਪਾਬੰਦੀ ਲਗਾ ਦਿੱਤੀਆਂ ਹਨ। ਇਹ ਹੁਕਮ ਮਿਤੀ 07-05-2025 ਤੋਂ 05-07-2025 ਤੱਕ ਲਾਗੂ ਰਹਿਣਗੇ। ਸੀਨੀਅਰ ਪੁਲਸ ਕਪਤਾਨ ਕਪੂਰਥਲਾ ਵੱਲੋ ਇਸ ਹੁਕਮ ਦੀ ਪਾਲਣਾ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ।
ਅੰਮ੍ਰਿਤਸਰ ਤੋਂ ਲੈ ਕੇ ਮੋਗਾ ਤੱਕ ਪਟਾਕੇ ਚਲਾਉਂਣ 'ਤੇ ਰੋਕ
ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜੀਸਟ੍ਰੇਟ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਵਿਆਹ-ਸ਼ਾਦੀਆਂ, ਖ਼ੁਸ਼ੀ ਦੇ ਉਤਸਵਾਂ ਤੇ ਧਾਰਮਿਕ ਉਤਸਵਾਂ ਦੌਰਾਨ ਆਮ ਲੋਕਾਂ ਵੱਲੋਂ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਪੁਲਿਸ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿਚ ਇਹ ਹੁਕਮ ਲਾਗੂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਇਹ ਪਾਬੰਦੀ ਅਗਲੇ ਹੁਕਮਾਂ ਤਕ ਜਾਰੀ ਰਹੇਗੀ।
ਸਾਗਰ ਸੇਤੀਆ, ਆਈ. ਏ. ਐੱਸ., ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ, ਮੋਗਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਮੋਗਾ ਦੀ ਹਦੂਦ ਅੰਦਰ ਵਿਆਹ-ਸ਼ਾਦੀਆਂ, ਖੁਸ਼ੀ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਜਿਸ ਵਿਚ ਬੰਬ, ਹਵਾਈ ਪਟਾਕੇ ਅਤੇ ਚਾਈਨੀਜ਼ ਕਰੈਕਰਜ਼ ਸ਼ਾਮਲ ਹਨ, ਦੀ ਵਰਤੋਂ ’ਤੇ ਪੂਰਨ ਪਾਬੰਦੀ ਲਾਈ ਹੈ, ਇਹ ਹੁਕਮ 7 ਮਈ ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।






















