ਐਸਵਾਈਐਲ 'ਆਪ' ਦਾ ਪੰਜਾਬ 'ਚ ਡਬਲ ਸਟੈਂਡ! ਕੈਬਨਿਟ ਮੰਤਰੀ ਹਰਪਾਲ ਚੀਮਾ ਬੋਲੇ ਪਾਣੀ ਦੀ ਇੱਕ ਬੂੰਦ ਨਹੀਂ ਦੇਵਾਂਗੇ, ਭਾਵੇਂ ਜਾਨ ਕਰਨੀ ਪਵੇ ਕੁਰਬਾਨ
ਚੰਡੀਗੜ੍ਹ: ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਨੂੰ ਲੈ ਕੇ ਪੰਜਾਬ-ਹਰਿਆਣਾ ਦੀ ਸਿਆਸਤ ਲਗਾਤਾਰ ਭਖੀ ਹੋਈ ਹੈ। ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਸਟੈਂਡ ਲਿਆ ਹੈ ਕਿ 2025 ਤੱਕ ਐਸਵਾਈਐਲ ਦਾ ਪਾਣੀ ਖੇਤਾਂ ਤੱਕ ਲੈ ਕੇ ਆਵਾਂਗੇ
ਮਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਨੂੰ ਲੈ ਕੇ ਪੰਜਾਬ-ਹਰਿਆਣਾ ਦੀ ਸਿਆਸਤ ਲਗਾਤਾਰ ਭਖੀ ਹੋਈ ਹੈ। ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਸਟੈਂਡ ਲਿਆ ਹੈ ਕਿ 2025 ਤੱਕ ਐਸਵਾਈਐਲ ਦਾ ਪਾਣੀ ਖੇਤਾਂ ਤੱਕ ਲੈ ਕੇ ਆਵਾਂਗੇ ਪਰ ਪੰਜਾਬ ਵਿੱਚ ਇਸ ਦੇ ਉਲਟ ਸੰਕੇਤ ਦਿੱਤੇ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਵਿੱਚ 'ਆਪ' ਦਾ ਸਟੈਂਡ ਸਪੱਸ਼ਟ ਕਰਦੇ ਹੋਏ ਕਿਹਾ ਕਿ ਅਸੀਂ ਕਿਸੇ ਹੋਰ ਸੂਬੇ ਨੂੰ ਪਾਣੀ ਦੀ ਇੱਕ ਬੂੰਦ ਨਹੀਂ ਦੇਵਾਂਗੇ। ਭਾਵੇਂ ਇਸ ਲਈ ਸਾਨੂੰ ਆਪਣੀ ਜਾਨ ਵੀ ਕਿਉਂ ਨਾ ਕੁਰਬਾਨ ਕਰਨੀ ਪਵੇ।
ਹਰਪਾਲ ਚੀਮਾ ਨੇ ਕਿਹਾ ਕਿ ਜੋ ਅੱਜ ਇਸ ਮੁੱਦੇ 'ਤੇ ਸ਼ੋਰ ਮਚਾ ਰਹੇ ਹਨ, ਉਨ੍ਹਾਂ ਦੀ ਸਰਕਾਰ ਦੇ ਸਮੇਂ ਦਾ ਹੀ ਇਹ ਮੁੱਦਾ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ 'ਤੇ ਪੰਜਾਬ ਦਾ ਹੱਕ ਹੈ। ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਕਿਸੇ ਹੋਰ ਸੂਬੇ ਨੂੰ ਨਹੀਂ ਜਾਵੇਗੀ ਜੋ ਵੀ ਕੁਰਬਾਨੀ ਕਰਨੀ ਪਵੇਗੀ, ਅਸੀਂ ਕਰਾਂਗੇ।
ਦੱਸ ਦਈਏ ਕਿ ਬੀਤੇ ਦਿਨ ‘ਆਪ’ ਸਾਂਸਦ ਸੁਸ਼ੀਲ ਗੁਪਤਾ ਨੇ ਹਰਿਆਣਾ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣ ਗਈ ਹੈ। ਹੁਣ ਜੇਕਰ 2024 ਵਿੱਚ ਹਰਿਆਣਾ ਵਿੱਚ ਸਰਕਾਰ ਬਣ ਜਾਂਦੀ ਹੈ ਤਾਂ SYL ਨਹਿਰ ਦਾ ਪਾਣੀ ਹਰ ਖੇਤ ਵਿੱਚ ਪਹੁੰਚ ਜਾਵੇਗਾ। ਇਸ ਤੋਂ ਬਾਅਦ ਸਿਆਸਤ ਹੋਰ ਗਰਮਾ ਗਈ ਸੀ। ਵਿਰੋਧੀਆਂ ਵੱਲੋਂ 'ਆਪ' ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਗਿਆ ਸੀ।
ਹਰਿਆਣਾ ਵੀ ਹੱਕਾਂ ਦੀ ਲੜਾਈ ਲਈ ਤਿਆਰ
ਉਧਰ, ਬੀਜੇਪੀ ਲੀਡਰ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਅਸੀਂ ਆਪਣੇ ਹੱਕਾਂ ਲਈ ਹਰ ਲੜਾਈ ਲੜਾਂਗੇ। ਸਾਨੂੰ ਸੁਪਰੀਮ ਕੋਰਟ ਜਾਣ ਦਾ ਹੱਕ ਹੈ। ਉਨ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਚੰਡੀਗੜ੍ਹ ਦੀ ਮੰਗ ਕੀਤੀ। ਇਹ ਸਮਝਣਾ ਚਾਹੀਦਾ ਹੈ ਕਿ ਚੰਡੀਗੜ੍ਹ ਦਾ ਮੁੱਦਾ ਐਸਵਾਈਐਲ ਨਾਲ ਜੁੜਿਆ ਹੋਇਆ ਹੈ। ਜੇਕਰ ਪੰਜਾਬ ਚੰਡੀਗੜ੍ਹ ਲੈਣਾ ਚਾਹੁੰਦਾ ਹੈ ਤਾਂ SYL ਬਣਾਉਣਾ ਸ਼ੁਰੂ ਕਰ ਦੇਵੇ। 108 ਹਿੰਦੀ ਬੋਲਦੇ ਇਲਾਕੇ ਹਰਿਆਣਾ ਨੂੰ ਸੌਂਪੇ।