ਸੰਗਰੂਰ: ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ED ਕੋਲ ਜਾਂਚ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਜੇਕਰ ਉਹ ਭੱਜ ਰਹੇ ਨੇ ਤਾਂ ਇਸ ਦਾ ਮਤਲਬ ਉਹ ਦੋਸ਼ੀ ਹਨ। ਇਸ ਤੋਂ ਇਲਾਵਾ 18 ਕਰੋੜ ਦੀਆਂ ਗੱਡੀਆਂ ਖਰੀਦਣ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ ਦਿੰਦੇ ਚੀਮਾ ਨੇ ਕਿਹਾ ਕਿ ਨਾ ਤਾਂ ਟਰਾਂਸਪੋਰਟ ਵਿਭਾਗ ਨੇ ਸਾਨੂੰ ਕੋਈ ਲੈਟਰ ਲਿਖਿਆ ਹੈ, ਨਾ ਹੀ ਕੋਈ ਅਜਿਹੀ ਗੱਲ ਹੈ। ਇਹ ਸਿਰਫ ਬਿਨਾਂ ਕਾਰਨ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।



ਸਿੱਧੂ ਮੂਸੇਵਾਲਾ 'ਤੇ ਵੀ ਦਿੱਤਾ ਵੱਡਾ ਬਿਆਨ
ਗਾਣੇ 'ਚ ਗੱਦਾਰ ਸ਼ਬਦ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਸਿੱਧੂ ਮੂਸੇਵਾਲਾ 'ਤੇ ਵੱਡਾ ਬਿਆਨ ਦਿੰਦਿਆਂ ਚੀਮਾ ਨੇ ਕਿਹਾ ਕਿ ਉਸ ਦੇ ਗਾਣੇ ਵਿਵਾਦਤ ਹਨ ਜੋ ਸਾਡੇ ਯੂਥ ਨੂੰ ਗੁੰਮਰਾਹ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅਜਿਹੇ ਗਾਣਿਆਂ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਵੇਗੀ।

ਦੱਸ ਦਈਏ ਕਿ ਵਿੱਤ ਮੰਤਰੀ ਵੱਲੋਂ ਸੰਗਰੂਰ 'ਚ ਅੱਜ ਮੰਡੀਆਂ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ, ਉੱਥੇ ਹੀ ਦਾਅਵਾ ਕੀਤਾ ਕਿ ਮੰਡੀਆਂ ਵਿੱਚ ਖਰੀਦ ਬਿਲਕੁੱਲ ਠੀਕ ਚੱਲ ਰਹੀ ਹੈ। ਕਿਸੇ ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਣਕ ਦੇ ਘੱਟ ਝਾੜ ਨੂੰ ਲੈ ਕੇ ਪੰਜਾਬ ਸਰਕਾਰ ਚਿੰਤਤ ਹੈ ਪਰ ਮੰਡੀਆਂ ਵਿੱਚੋਂ ਕਿਸਾਨਾਂ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਜਿਸ ਦੀ ਜ਼ਿੰਮੇਦਾਰੀ ਪੰਜਾਬ ਸਰਕਾਰ ਦੀ ਹੈ।

ਕੇਂਦਰੀ ਖਰੀਦ ਏਜੰਸੀ ਐਫਸੀਆਈ ਨੇ ਕਣਕ ਦੀ ਖਰੀਦ ਨੂੰ ਲੈ ਕੇ ਕਣਕ ਦੀ ਕਵਾਲਿਟੀ ਵਿੱਚ ਕੁਝ ਕਮੀ ਜਾਹਿਰ ਕੀਤੀ ਸੀ ਜਿਸ ਲਈ ਕੇਂਦਰ ਦੀ ਟੀਮ ਵਿੱਚ ਪੰਜਾਬ ਦੀ ਮੰਡੀ ਵਿੱਚ ਆਈ ਹੈ ਤੇ ਕੇਂਦਰ ਤੇ ਪੰਜਾਬ ਸਰਕਾਰ ਇਸ ਮਸਲੇ ਉੱਤੇ ਆਪਣੀ ਰਿਪੋਰਟ ਪੇਸ਼ ਕਰੇਗੀ। ਉਸ ਦੇ ਬਾਅਦ ਕਿਸਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਵੀ ਮਿਲੇਗਾ।