Punjab News: ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਪੈਨਸ਼ਨਧਾਰਕਾਂ ਨੂੰ ਮਿਲੇਗਾ ਫਾਇਦਾ
ਵਿੱਤ ਮੰਤਰੀ ਚੀਮਾ ਨੇ ਗੈਰ-ਖਜ਼ਾਨਾ ਏਕੀਕ੍ਰਿਤ ਵਿੱਤੀ ਪ੍ਰਬੰਧਨ ਸਿਸਟਮ (ਐੱਨ.ਟੀ.-ਆਈ.ਐੱਫ.ਐੱਮ.ਐੱਸ) ਦਾ ਵੀ ਉਦਘਾਟਨ ਕੀਤਾ, ਜੋ ਕਿ ਜੰਗਲਾਤ ਅਤੇ ਵਰਕਸ ਵਿਭਾਗਾਂ ਦੁਆਰਾ ਪ੍ਰਬੰਧਤ ਜਮ੍ਹਾਂ ਕੰਮਾਂ ਦੀ ਲੇਖਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ..

Punjab News: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਡਿਜੀਟਲ ਟਰਾਂਸਫਰਮੇਸ਼ਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਅੱਜ ਇਥੇ ਤਿੰਨ ਮਹੱਤਵਪੂਰਨ ਆਈ.ਟੀ. ਅਧਾਰਿਤ ਵਿੱਤੀ ਮਾਡਿਊਲਾਂ (I.T. based financial modules) ਦਾ ਉਦਘਾਟਨ ਕੀਤਾ, ਜਿਸਦਾ ਉਦੇਸ਼ ਸੂਬੇ ਵਿਚ ਵਿੱਤੀ ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਵਧਾਉਣ ਦੇ ਨਾਲ-ਨਾਲ ਪੈਨਸ਼ਨਰਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ।
Pensioner Service Portal ਦਾ ਉਦਘਾਟਨ
ਪੈਨਸ਼ਨਰ ਸੇਵਾ ਪੋਰਟਲ (ਪੀਐੱਸਪੀ) ਦਾ ਉਦਘਾਟਨ ਕਰਦਿਆਂ ਵਿੱਤ ਮੰਤਰੀ ਨੇ ਪੰਜਾਬ ਸਰਕਾਰ ਦੀ ਆਪਣੇ ਪੈਨਸ਼ਨਰਾਂ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਜ਼ਾਹਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਡਿਜੀਟਲ ਪਲੇਟਫਾਰਮ ਪੈਨਸ਼ਨ ਨਾਲ ਸਬੰਧਤ ਸੇਵਾਵਾਂ ਲਈ ਤਿਆਰ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਪੋਰਟਲ ਖ਼ਜ਼ਾਨੇ ਤੋਂ ਬੈਂਕਾਂ ਤੱਕ ਪੈਨਸ਼ਨ ਅਦਾਇਗੀ ਦੇ ਕੇਸਾਂ ਦੀ ਨਿਰਵਿਘਨ ਪ੍ਰਕਿਰਿਆ ਦੀ ਸਹੂਲਤ ਦੇਵੇਗਾ, ਪੈਨਸ਼ਨ ਅਦਾਇਗੀਆਂ ਵਿਚ ਦੇਰੀ ਨੂੰ ਘਟਾਏਗਾ, ਰੀਅਲ-ਟਾਈਮ ਕੇਸ ਟ੍ਰੈਕਿੰਗ ਅਤੇ ਸ਼ਿਕਾਇਤਾਂ ਨੂੰ ਸੁਚਾਰੂ ਢੰਗ ਨਾਲ ਨਿਪਟਾਉਣ ਨੂੰ ਯਕੀਨੀ ਬਣਾਏਗਾ।
ਵਿੱਤ ਮੰਤਰੀ ਚੀਮਾ ਨੇ ਗੈਰ-ਖਜ਼ਾਨਾ ਏਕੀਕ੍ਰਿਤ ਵਿੱਤੀ ਪ੍ਰਬੰਧਨ ਸਿਸਟਮ (ਐੱਨ.ਟੀ.-ਆਈ.ਐੱਫ.ਐੱਮ.ਐੱਸ) ਦਾ ਵੀ ਉਦਘਾਟਨ ਕੀਤਾ, ਜੋ ਕਿ ਜੰਗਲਾਤ ਅਤੇ ਵਰਕਸ ਵਿਭਾਗਾਂ ਦੁਆਰਾ ਪ੍ਰਬੰਧਤ ਜਮ੍ਹਾਂ ਕੰਮਾਂ ਦੀ ਲੇਖਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਇਕ ਮੋਹਰੀ ਗੈਰ-ਖਜ਼ਾਨਾ ਲੇਖਾ ਪ੍ਰਣਾਲੀ ਹੈ। ਉਨ੍ਹਾਂ ਐੱਨ.ਟੀ.-ਆਈ.ਐੱਫ.ਐੱਮ.ਐੱਸ ਦੇ ਫਾਇਦਿਆਂ ਦੀ ਰੂਪ ਰੇਖਾ ਦੱਸਦਿਆਂ ਕਿਹਾ ਕਿ ਇਹ ਮਾਡਿਊਲ ਨੂੰ ਖਜ਼ਾਨੇ ਰਾਹੀਂ ਨਾ ਹੋਣ ਵਾਲੇ ਖਰਚਿਆਂ ਅਤੇ ਪ੍ਰਾਪਤੀਆਂ ਲਈ ਤਿਆਰ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਹ ਮੋਡੀਊਲ ਪਾਰਦਰਸ਼ਤਾ, ਮਹੀਨਾਵਾਰ ਖਾਤਿਆਂ ਨੂੰ ਏਜੀ ਦਫ਼ਤਰ ਵਿਖੇ ਪੇਸ਼ ਕਰਨ ਅਤੇ ਕੰਪਾਈਲੇਸ਼ਨ ਨੂੰ ਯਕੀਨੀ ਬਣਾਉਂਦੇ ਹੋਏ ਸਬ-ਮੋਡਿਊਲਾਂ ਜਿਵੇਂ ਕਿ ਐੱਨ.ਟੀ.-ਐੱਮ.ਆਈ.ਐੱਸ, ਐੱਨ.ਟੀ.-ਅਕਾਊਂਟਿੰਗ, ਐੱਨ.ਟੀ-ਬਿਲਿੰਗ ਅਤੇ ਐੱਨ.ਟੀ-ਰਸੀਦ ਰਾਹੀਂ ਸਹੀ ਰਿਪੋਰਟਿੰਗ ਨਾਲ ਬਿਹਤਰ ਫੈਸਲੇ ਲੈਣ ਵਿਚ ਸੁਧਾਰ ਕਰੇਗਾ।
ਐੱਸ.ਐੱਨ.ਏ- ਸਪਰਸ਼, ਕੇਂਦਰੀ ਸਪਾਂਸਰਡ ਸਕੀਮਾਂ ਲਈ ਇਕ ਨਵੀਂ ਫੰਡ ਪ੍ਰਵਾਹ ਵਿਧੀ ਦਾ ਉਦਘਾਟਨ ਕਰਦੇ ਹੋਏ, ਜਿਸ ਵਿਚ ਐੱਫ.ਐੱਮ.ਐੱਸ, ਸਟੇਟ ਆਈ.ਐੱਫ.ਐੱਮ.ਐੱਸ, ਅਤੇ ਆਰ.ਬੀ.ਆਈ ਦੇ ਈ-ਕੁਬੇਰ ਸਿਸਟਮ ਦੇ ਏਕੀਕ੍ਰਿਤ ਢਾਂਚੇ ਰਾਹੀਂ ਲਾਭਪਾਤਰੀਆਂ ਨੂੰ ਰੀਅਲ-ਟਾਈਮ ਫੰਡ ਟ੍ਰਾਂਸਫਰ ਕਰਨਾ ਸ਼ਾਮਲ ਹੈ, ਵਿੱਤ ਮੰਤਰੀ ਨੇ ਕਿਹਾ ਕਿ ਇਹ ਵਿਧੀ ਬੈਂਕ ਖਾਤਿਆਂ ਵਿਚ ਸਟੇਟ ਫੰਡਾਂ ਦੀ ਪਾਰਕਿੰਗ ਨੂੰ ਰੋਕੇਗਾ, ਕਰਜ਼ੇ ‘ਤੇ ਫਲੋਟ ਦੀ ਲਾਗਤ ਨੂੰ ਘਟਾਏਗਾ ਅਤੇ ਰਾਜ ਪੱਧਰ ‘ਤੇ ਨਕਦ ਪ੍ਰਬੰਧਨ ਦੀ ਕੁਸ਼ਲਤਾ ਵਿਚ ਸੁਧਾਰ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਕਤੂਬਰ 2024 ਵਿਚ ਐੱਸ.ਐੱਨ.ਏ- ਸਪਰਸ਼ ਲਾਗੂ ਕਰਨ ਲਈ ਚੁਣੇ ਗਏ ਰਾਜਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਰਣਨੀਤਕ ਯਤਨਾਂ ਰਾਹੀਂ ਵਿਤ ਵਿਭਾਗ ਨੇ 31 ਜਨਵਰੀ, 2025 ਤੱਕ ਸਫਲਤਾਪੂਰਵਕ 09 ਕੇਂਦਰੀ ਸਪਾਂਸਰਡ ਸਕੀਮਾਂ ਨੂੰ ਸਫਲਤਾਪੂਰਵਕ ਆਨਬੋਰਡ ਕੀਤਾ ਹੈ, ਜਿਸ ਨਾਲ ਰਾਜ ਭਾਰਤ ਸਰਕਾਰ ਤੋਂ 400 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਪ੍ਰਾਪਤ ਕਰਨ ਦਾ ਦਾਅਵੇਦਾਰ ਬਣ ਸਕਿਆ ਹੈ।
ਸਮਾਗਮ ਦੇ ਅੰਤ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖਜ਼ਾਨਾ ਅਤੇ ਲੇਖਾ, ਐੱਨ.ਆਈ.ਸੀ ਅਤੇ ਪੀ.ਐੱਮ.ਐੱਫ.ਐੱਸ ਟੀਮ ਦੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਮਹੱਤਵਪੂਰਨ ਮੀਲ ਪੱਥਰਾਂ ਨੂੰ ਪ੍ਰਾਪਤ ਕਰਨ ਲਈ ਅਣਥੱਕ ਯਤਨਾਂ ਵਾਸਤੇ ਪ੍ਰਸ਼ੰਸਾ ਕਰਦਿਆਂ ਤਹਿ ਦਿਲੋਂ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਸਕੱਤਰ ਖਰਚਾ ਵਿਜੇ ਨਾਮਦੇਓਰਾਓ ਜ਼ਾਦੇ, ਡਾਇਰੈਕਟਰ ਖਜ਼ਾਨਾ ਤੇ ਲੇਖਾ ਮੁਹੰਮਦ ਤਇਅਬ, ਡਿਪਟੀ ਅਕਾਊਂਟੈਂਟ ਜਨਰਲ ਰਵੀ ਨੰਦਨ ਗਰਗ, ਡਿਪਟੀ ਅਕਾਊਂਟੈਂਟ ਜਨਰਲ ਮਨੀਸ਼ਾ ਤੂਰ, ਐਡੀਸ਼ਨਲ ਡਾਇਰੈਕਟਰ ਟੀ ਐਂਡ ਏ ਸਿਮਰਜੀਤ ਕੌਰ ਅਤੇ ਰਿਜਨਲ ਡਾਇਰੈਕਟਰ ਆਰਬੀਆਈ ਵਿਵੇਕ ਸ੍ਰੀਵਾਸਤਵ ਵੀ ਮੌਜੂਦ ਸਨ।






















