ਪੰਜਾਬ 'ਚ ਨਹੀਂ ਆਇਆ ਬਦਲਾਅ! ਹੱਕ ਮੰਗਣ ਵਾਲਿਆਂ 'ਤੇ ਪਹਿਲਾਂ ਵਾਂਗ ਹੀ ਪੁਲਿਸ ਤਸ਼ੱਦਦ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵੀ ਵੱਖ-ਵੱਖ ਵਰਗਾਂ ਦੇ ਲੋਕ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵੀ ਵੱਖ-ਵੱਖ ਵਰਗਾਂ ਦੇ ਲੋਕ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਅਹਿਮ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਨ੍ਹਾਂ ਉਫਰ ਸਖਤੀ ਵਰਤਣ ਲੱਗ ਪਈ ਹੈ। ਸੋਮਵਾਰ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਉੱਪਰ ਪੁਲਿਸ ਨੇ ਜੰਮ ਕੇ ਲਾਠੀਚਾਰਜ ਕੀਤਾ।
ਇਸ ਦੌਰਾਨ ਪੁਲਿਸ ਮੁਲਾਜ਼ਮਾਂ ਤੇ ਧਰਨਾਕਾਰੀਆਂ ਵਿਚਾਲੇ ਝੜਪ ਹੋ ਗਈ। ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ ਕੀਤਾ ਗਿਆ ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ। ਇਸ ਦੌਰਾਨ ਕਈ ਬੇਰੁਜ਼ਗਾਰ ਅਧਿਆਪਕ ਜ਼ਖ਼ਮੀ ਹੋ ਗਏ ਤੇ ਵੱਡੀ ਗਿਣਤੀ ਧਰਨਾਕਾਰੀਆਂ ਦੀਆਂ ਪੱਗਾਂ ਲੱਥ ਗਈਆਂ। ਦੋ ਲੜਕੀਆਂ ਸਣੇ ਤਿੰਨ ਬੇਰੁਜ਼ਗਾਰ ਅਧਿਆਪਕਾਂ ਨੂੰ ਸਿਵਲ ਹਸਪਤਾਲ ਲੈ ਕੇ ਜਾਣਾ ਗਿਆ।
ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨਾਲ ਹੋਈ ਝੜਪ ਮਗਰੋਂ ਰੋਹ ਵਿੱਚ ਆਏ ਬੇਰੁਜ਼ਗਾਰ ਅਧਿਆਪਕਾਂ ’ਚੋਂ ਦੋ ਲੜਕੀਆਂ ਤੇ ਇੱਕ ਲੜਕੇ ਨੇ ਪੁਲਿਸ ਦੀ ਮੌਜੂਦਗੀ ਵਿੱਚ ਆਪਣੇ ਉੱਪਰ ਤੇਲ ਛਿੜਕਦਿਆਂ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ। ਧਰਨਾਕਾਰੀਆਂ ਤੇ ਪੁਲਿਸ ਵਿਚਾਲੇ ਕਰੀਬ ਦੋ ਘੰਟਿਆਂ ਤੱਕ ਇਹ ਜੱਦੋ-ਜਹਿਦ ਜਾਰੀ ਰਹੀ।
ਪੀਟੀਆਈ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਲਾਭ ਸਿੰਘ ਭੋਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਇਨਸਾਫ ਮਿਲੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਵੀ ਪੁਰਾਣੀਆਂ ਸਰਕਾਰਾਂ ਵਾਲੇ ਰਾਹ ਪੈ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਜਦੋਂ ਉਹ ਰੋਸ ਪ੍ਰਦਰਸ਼ਨ ਕਰਦੇ ਸੀ ਤਾਂ ਆਮ ਆਦਮੀ ਪਾਰਟੀ ਦੇ ਲੀਡਰ ਉਨ੍ਹਾਂ ਨੂੰ ਭਰੋਸਾ ਦਿੰਦੇ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਉੱਪਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨਗੇ ਪਰ ਹੁਣ ਪੁਲਿਸ ਪਹਿਲਾਂ ਵਾਂਗ ਹੀ ਤਸ਼ੱਦਦ ਕਰ ਰਹੀ ਹੈ।
ਦੱਸ ਦਈਏ ਕਿ ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਲਾਭ ਸਿੰਘ ਭੋਲਾ ਦੀ ਅਗਵਾਈ ਹੇਠ ਸੋਮਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰਾਂ ਨੇ ਜਿਉਂ ਹੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਉਨ੍ਹਾਂ ਦੀ ਝੜਪ ਹੋ ਗਈ। ਪਾਣੀ ਦੀਆਂ ਬੁਛਾੜਾਂ ਵੱਜਣ ਕਾਰਨ ਸਿੱਪੀ ਸ਼ਰਮਾ ਤੇ ਨਿਸ਼ਾ ਫਾਜ਼ਿਲਕਾ ਨਾਂ ਦੀਆਂ ਲੜਕੀਆਂ ਬੇਹੋਸ਼ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।
ਇਸ ਦੌਰਾਨ ਮਨਜੀਤ ਸਿੰਘ ਮਲੋਟ, ਜਰਨੈਲ ਸਿੰਘ ਮੰਡਵੀ ਤੇ ਤਰਸੇਮ ਮੂਣਕ ਵੀ ਜ਼ਖ਼ਮੀ ਹੋ ਗਏ। ਦੋ ਲੜਕੀਆਂ ਸਣੇ ਇੱਕ ਹੋਰ ਲੜਕੇ ਲੱਕੀ ਸ਼ਾਹ ਨੇ ਜਦੋਂ ਖ਼ੁਦ ’ਤੇ ਤੇਲ ਪਾ ਕੇ ਅੱਗ ਲਾਉਣ ਦਾ ਯਤਨ ਕੀਤਾ ਤਾਂ ਪੁਲਿਸ ਵੱਲੋਂ ਵਰਤੀ ਗਈ ਅੱਗ ਬੁਝਾਉਣ ਵਾਲੀ ਗੈਸ ਉਸ ਦੀਆਂ ਅੱਖਾਂ ਵਿੱਚ ਪੈ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਕੁਲਵਿੰਦਰ ਕੌਰ ਫਾਜ਼ਿਲਕਾ ਵੀ ਜ਼ਖ਼ਮੀ ਹੋਈ ਤੇ ਮਨਜੀਤ ਸਿੰਘ ਅਬੋਹਰ ਬੇਹੋਸ਼ ਹੋ ਗਿਆ।