ਜਲਾਲਾਬਾਦ: ਪੰਜਾਬ ਦੇ ਜਲਾਲਾਬਾਦ ਵਿੱਚ ਪੁਲਿਸ ਨੇ ਇੱਕ ਕਿਸਾਨ ਨੂੰ 5 ਕਿਲੋ ਰੇਤ ਤੇ 100 ਰੁਪਏ ਸਮੇਤ ਕਾਬੂ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ 'ਮਾਨ ਸਾਹਬ ਰਹਿਮ ਕਰੋ'।

ਰਾਜਾ ਵੜਿੰਗ ਨੇ ਟਵੀਟ ਕਰਕੇ ਭਗਵੰਤ ਮਾਨ 'ਤੇ ਸਾਧਿਆ ਨਿਸ਼ਾਨਾ
ਦੱਸ ਦੇਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ, “ਕਰੂਰ ਮਜ਼ਾਕ! 'ਮਾਨ ਸਾਹਿਬ, ਗਰੀਬਾਂ 'ਤੇ ਰਹਿਮ ਕਰੋ, ਕਿਸਾਨ ਆਪਣੇ ਹੀ ਖੇਤ 'ਚੋਂ 5 ਕਿਲੋ ਨਾਜਾਇਜ਼ ਮਾਈਨਿੰਗ ਰੇਤ ਸਮੇਤ 100 ਰੁਪਏ ਸਮੇਤ ਗ੍ਰਿਫਤਾਰ, ਜਦਕਿ ਪੰਜਾਬ ਭਰ 'ਚ 100 ਕਰੋੜ ਰੁਪਏ ਦੀ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਕੀ ਭਗਵੰਤ ਮਾਨ ਸਾਹਬ ਨੂੰ ਪਤਾ ਹੈ ਕਿ ਉਹਨਾਂ ਦੇ 'ਰਾਜ' ਵਿਚ ਕੀ ਹੋ ਰਿਹਾ ਹੈ?



ਇਹ ਹੈ ਮਾਮਲਾ
ਦਰਅਸਲ ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਪੁਲਿਸ ਨੇ ਬੀਤੇ ਦਿਨੀਂ ਸੂਚਨਾ ਦੇ ਆਧਾਰ 'ਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਦੇ ਸਦਰ ਥਾਣਾ ਖੇਤਰ 'ਚ ਛਾਪੇਮਾਰੀ ਕੀਤੀ ਸੀ।

ਇਸ ਦੌਰਾਨ ਖੇਤ ਵਿੱਚ ਟੋਇਆ ਪੁੱਟ ਰਹੇ ਕਿਸਾਨ ਕਿਸ਼ਨ ਸਿੰਘ ਨੂੰ ਪੁਲਿਸ ਨੇ ਪੰਜ ਕਿਲੋ ਰੇਤ ਅਤੇ 100 ਰੁਪਏ ਸਮੇਤ ਕਾਬੂ ਕੀਤਾ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਏਐਸਆਈ ਸਤਨਾਮ ਦਾਸ ਦਾ ਕਹਿਣਾ ਸੀ ਕਿ ਮੁਲਜ਼ਮ ਕਿਸਾਨ ਰੇਤ ਚੋਰੀ ਕਰਕੇ ਵੇਚਦਾ ਹੈ। ਉਸ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।